Baljit Singh Daduwal : ਜਥੇ. ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ। ਜਥੇਦਾਰ ਦਾਦੂਵਾਲ ਨੂੰ 19 ਜਦਕਿ ਸ੍ਰੀ ਖਾਲਸਾ ਨੂੰ 17 ਵੋਟਾਂ ਪਈਆਂ। ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਅੱਜ ਸਵੇਰੇ 10 ਵਜੇ ਐੱਸਡੀਐੱਮ ਗੂਹਲਾ ਸ਼ਸ਼ੀ ਵਸੁੰਧਰਾ, ਐੱਸਡੀਐੱਮ ਕੈਥਲ ਸੰਜੇ ਕੁਮਾਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਗੂਹਲਾ ਪ੍ਰਦੀਪ ਕੁਮਾਰ ਆਦਿ ਨੇ ਸ਼ੁਰੂ ਕਰਵਾਈ।
ਚੋਣ ਅਧਿਕਾਰੀ ਦਰਸ਼ਨ ਸਿੰਘ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ ਜਥੇ. ਬਲਜੀਤ ਸਿੰਘ ਦਾਦੂਵਾਲ ਨੇ 36 ਵੋਟਾਂ ’ਚੋਂ 19 ਵੋਟ ਲੈ ਕੇ ਦੋ ਵੋਟਾਂ ਨਾਲ ਜੇਤੂ ਰਹੇ ਹਨ, ਜਦੋਂ ਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟ ਪ੍ਰਾਪਤ ਹੋਈਆਂ ਹਨ। ਚੋਣ ਜਿੱਤਣ ਮਗਰੋਂ ਸ਼੍ਰੀ ਦਾਦੂਵਾਲ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ, ਜਿਸ ਮੂਹਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਬਹੁਤ ਛੋਟਾ ਹੈ ਪਰ ਨਵੀਂ ਜ਼ਿੰਮੇਵਾਰੀ ਦੇ ਚੱਲਦਿਆਂ ਉਹ ਸਰਬੱਤ ਖਾਲਸਾ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਨੂੰ ਜਥੇਦਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਸਾਰੇ ਕਮੇਟੀ ਮੈਂਬਰ ਮਿਲ ਕੇ ਸੁਪਰੀਮ ਕੋਰਟ ’ਚ ਕੇਸ ਦੀ ਪੈਰਵੀ ਕਰਨਗੇ। ਉਨ੍ਹਾਂ ਨੇ ਜਿੱਤ ਮਗਰੋਂ ਸਾਥੀਆਂ ਸਣੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਚੋਣ ਦੌਰਾਨ ਗੁਰਦੁਆਰਾ ਸਮੂਹ ’ਚ ਸੁਰੱਖਿਆ ਘੇਰਾ ਸਖ਼ਤ ਰਿਹਾ ਅਤੇ ਗੁਰਦੁਆਰੇ ਦੇ ਚਾਰੇ ਪਾਸਿਆਂ ਤੋਂ ਰਸਤੇ ਬੈਰੀਕੇਡ ਲਾ ਕੇ ਰੋਕ ਦਿੱਤੇ ਗਏ। ਇਸੇ ਦੌਰਾਨ ਪੁਲਿਸ ਕਪਤਾਨ ਕੈਥਲ ਸ਼ਸ਼ਾਂਕ ਕੁਮਾਰ ਸਾਵਣ ਨੇ ਵੀ ਦੋ ਵਾਰ ਗੁਰਦੁਆਰੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।