Bibi Jagir Kaur : ਜ਼ਹਿਰੀਲੀ ਸ਼ਰਾਬ ਦਾ ਮੁੱਦਾ ਪੂਰੇ ਸੂਬੇ ਵਿਚ ਗਰਮਾਇਆ ਹੋਇਆ ਹੈ ਤੇ ਕਈ ਨੇਤਾਵਾਂ ਵਲੋਂ ਇਸ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਕੈਪਟਨ ਦਾ ਵਿਰੋਧੀ ਧਿਰ ਵਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸ਼ਰਾਬ ਨਾਲ ਸੂਬੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ, ਜੋ ਬੇਹੱਦ ਦੁੱਖ ਦੀ ਗੱਲ ਹੈ। ਇਸੇ ਨੂੰ ਲੈ ਕੇ ਹੁਣ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਬੀਬੀ ਜਗੀਰ ਕੌਰ ਨੇ ਕੈਪਟਨ ਤੋਂ ਸਿੱਧੇ ਪੁੱਛਿਆ ਹੈ ਕਿ ਉਹ ਇਸ ਗੰਭੀਰ ਮੁੱਦੇ ਨੂੰ ਲੈ ਕੇ ਕੀ ਐਕਸ਼ਨ ਲੈ ਰਹੇ ਹਨ ਤੇ ਜੇਕਰ ਉਨ੍ਹਾਂ ਕੋਲੋਂ ਇਹ ਮੁੱਦਾ ਨਹੀਂ ਸੰਭਾਲਿਆ ਜਾ ਰਿਹਾ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਪਤਾ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਵੱਡੇ-ਵੱਡੇ ਡਿਸਟਲਰੀਆਂ ਦਾ ਹੱਥ ਹੈ ਫਿਰ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਾਅਲੀ ਸ਼ਰਾਬ ਦਾ ਮੁੱਦਾ ਕਾਫੀ ਪੁਰਾਣਾ ਹੈ ਪਰ ਇਸ ‘ਤੇ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਇਹ ਮਾਮਲਾ ਹੁਣ ਇੰਨਾ ਵਿਗੜ ਗਿਆ ਹੈ ਕਿ ਸਰਕਾਰ ਕੋਲੋਂ ਕੰਟਰੋਲ ਨਹੀਂ ਹੋ ਰਿਹਾ। ਜੇਕਰ ਸਮੇਂ ਸਿਰ ਇਸ ‘ਤੇ ਕਾਰਵਾਈ ਹੋ ਜਾਂਦੀ ਤਾਂ ਸੂਬੇ ਵਿਚ ਸ਼ਰਾਬ ਕਾਰਨ ਇੰਨੀਆਂ ਮੌਤਾਂ ਨਹੀਂ ਹੋਣੀਆਂ ਸਨ।
ਬੀਬੀ ਜਗੀਰ ਕੌਰ ਨੇਕਿਹਾ ਕਿ ਐਕਸਾਈਜ਼ ਵਿਭਾਗ ਨੂੰ ਜਦੋਂ 5600 ਕਰੋੜ ਦੇ ਘਾਟੇ ਦਾ ਪਿਆ ਸੀ ਤਾਂ ਉਦੋਂ ਵੀ ਸ਼ਰਾਬ ਮਾਫੀਏ ਦਾ ਮੁੱਦਾ ਚੁੱਕਿਆ ਗਿਆ ਸੀ ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਮਾਮਲਾ ਇੰਨਾ ਸੰਜੀਦਾ ਹੋ ਗਿਆ। ਕੈਪਟਨ ਸਰਕਾਰ ਨੂੰ ਪਤਾ ਸੀ ਕਿ ਸੂਬੇ ਵਿਚ ਕਾਫੀ ਦੇਰ ਤੋਂ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਚੱਲ ਰਹੀਆਂ ਹਨ ਤੇ ਇਸ ਦੀ ਵਿਕਰੀ ਵੀ ਧੜੱਲੇ ਨਾਲ ਹੋ ਰਹੀ ਹੈ ਪਰ ਫਿਰ ਵੀ ਕੋਈ ਸਖਤ ਸਟੈਂਡ ਨਹੀਂ ਲਿਆ ਗਿਆ।