Big success for : ਅੰਮ੍ਰਿਤਸਰ ਤੋਂ ਵਿਵਾਦਿਤ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੁਧੀਰ ਸੂਰੀ ਨੇ ਐੱਨ. ਆਰ. ਆਈਜ਼ ‘ਤੇ ਬਹੁਤ ਭੱਦੀਆਂ ਟਿੱਪਣੀਆਂ ਕੀਤੀਆਂ ਅਤੇ ਉਸ ਵਿਰੁੱਧ ਵੱਖ-ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ ਤੇ ਵੱਡੇ-ਵੱਡੇ ਲੀਡਰਾਂ ਵਲੋਂ ਸੁਧੀਰ ਸੂਰੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ।
ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਜਦੋਂ ਅੱਜ ਪੰਜਾਬ ਪੁਲਿਸ ਵਲੋਂ ਲਗਭਗ 1300 ਕਿਲੋਮੀਟਰ ਦਾ ਪਿੱਛਾ ਕਰਕੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਔਰਤ ਜਾਤੀ ਦੀ ਨਿਰਾਦਰੀ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਭੜਕਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੂਰੀ ਨੇ ਸਿੱਖ ਬੀਬੀਆਂ ਬਾਰੇ ਅਸ਼ਲੀਲ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ ਸੀ।
ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ 11 ਜਵਾਨਾਂ ‘ਤੇ ਆਧਾਰਤ ਪੰਜਾਬ ਪੁਲਿਸ ਦੀਆਂ ਦੋ ਟੀਮਾਂ ਵਲੋਂ ਸੂਰੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਵਾਲਾ ਇੱਕ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਨੂੰ ਫੜਨ ਦੀ ਮੁਹਿੰਮ ਚਲਾਈ ਗਈ ਸੀ। ਪਹਿਲਾ ਵੀਡੀਓ ਵਾਇਰਲ ਹੋਣ ‘ਤੇ ਭਾਰਤ ਅਤੇ ਵਿਦੇਸ਼ ਵਿੱਚ ਭਾਰੀ ਅਲੋਚਨਾ ਤੋਂ ਬਾਅਦ ਜੰਡਿਆਲਾ ਪੁਲਿਸ ਨੇ ਸੂਰੀ ਵਿਰੁੱਧ ਧਾਰਾ 153-ਏ, 354 ਏ, 509 ਆਈ. ਪੀ. ਸੀ. ਅਤੇ 67 ਆਈ. ਟੀ. ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰੀ ਦੇ ਡਰੋਂ ਸੂਰੀ ਇੰਦੌਰ ਭੱਜ ਸਕਦਾ ਹੈ। ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਹੀ ਸੰਭਵ ਹੋ ਸਕਿਆ ਸੀ। ਉਨ੍ਹਾਂ ਦੇ ਸਹਿਯੋਗ ਨਾਲ ਹੀ ਸੁਧੀਰ ਸੂਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ।