Bihar Police reached : ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਪਹੁੰਚੀ ਹੈ। ਪੁਲਿਸ ਟੀਮ ਤਿੰਨ ਦਿਨਾਂ ਤੋਂ ਸਿੱਧੂ ਦੇ ਘਰ ਚੱਕਰ ਕੱਟ ਰਹੀ ਹੈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਿਸ ਦੀ ਟੀਮ ਕਟਿਹਾਰ ‘ਚ ਸਿੱਧੂ ਦੇ ਖਿਲਾਫ ਦਰਜ ਮਾਮਲੇ ਸਬੰਧੀ ਇੱਥੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇਣ ਪਹੁੰਚੀ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁਲਿਸ ਦੀ ਟੀਮ ਲਗਾਤਾਰ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ, ਸਿੱਧੂ ਉੱਤੇ 2019 ਦੇ ਲੋਕਸਭਾ ਚੋਣਾਂ ਦੌਰਾਨ ਵਿਵਾਦਤ ਭਾਸ਼ਣ ਦੇਣ ਦੇ ਇਲਜ਼ਾਮ ‘ਚ ਕਟਿਹਾਰ ਦੇ ਵਰਸੋਈ ਥਾਣਾ ‘ਚ ਮਾਮਲਾ ਦਰਜ ਹੈ।
ਦੋਸ਼ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਸਭਾ ‘ਚ ਵਿਵਾਦਤ ਭਾਸ਼ਣ ਦੇ ਕੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਸੀ। ਮੈਜਿਸਟਰੇਟ ਦੇ ਬਿਆਨ ‘ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਰਸੋਈ ਥਾਣੇ ‘ਚ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨ ਤੋਂ ਸਿੱਧੂ ਦੀ ਕੋਠੀ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਬਿਹਾਰ ਪੁਲਿਸ ਦਸੰਬਰ ਮਹੀਨੇ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।
ਪਿਛਲੇ ਸਾਲ ਦਸੰਬਰ ਵਿਚ ਇਸੇ ਕੇਸ ਦੇ ਸਿਲਸਿਲੇ ਵਿਚ ਸੰਮਨ ਦੇਣ ਬਿਹਾਰ ਪੁਲਿਸ ਆਈ ਸੀ ਪਰ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਾ ਸੀ। ਕਟਿਹਾਰ ਜਿਲ੍ਹੇ ਦੇ ਵਰਸੋਈ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਜਾਵੇਦ ਅਹਿਮਦ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਸੰਮਨ ਦੇਣਾ ਜ਼ਰੂਰੀ ਹੋ ਗਿਆ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੰਮਨ ਲੈਂਦੇ ਹਨ ਤਾਂ ਉਸ ਤੋਂ ਬਾਅਦ ਕੋਰਟ ਵਿਚ ਉਨ੍ਹਾਂ ਨੂੰ ਜ਼ਮਾਨਤ ਵੀ ਤੁਰੰਤ ਮਿਲ ਜਾਵੇਗੀ।