BJP’s Morcha protests : ਫਗਵਾੜਾ : ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਇਕਾਈ ਵਲੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹੇ ਲਗਭਗ ਸਵ ਸੌ ਲੋਕਾਂ ਦੇ ਪਰਿਵਾਰਾਂ ਨੂੰ ਨਿਆਂ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸੂਬੇ ਭਰ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਜੋ ਪ੍ਰਦਰਸ਼ਨ ਕੀਤਾ ਗਿਆ ਉਸੇ ਅਧੀਨ ਫਗਵਾੜਾ ਸਥਿਤ ਏ. ਡੀ. ਸੀ. ਦਫਤਰ ਦੇ ਸਾਹਮਣੇ ਸਵੇਰੇ 11 ਵਜੇ ਭਾਜਪਾ ਐੱਸ. ਸੀ. ਮੋਰਚਾ ਨੇ ਧਰਨਾ ਦਿੱਤਾ ਅਤੇ ਕੋਵਿਡ-19 ਸੰਕਟ ਕਾਰਨ ਸੋਸ਼ਲ ਡਿਸਟੈਂਸਿੰਗ ਬਣਾਉਂਦੇ ਹੋਏ ਹੱਥਾਂ ‘ਚ ਸਲੋਗਨ ਚੁੱਕ ਕੇ ਸਰਕਾਰ ਤੋਂ ਨਿਆਂ ਦੀ ਮੰਗ ਕੀਤੀ।
ਪੰਜਾਬ ਭਾਜਪਾ ਦੇ ਸੂਬਾ ਉਪ ਪ੍ਰਧਾਨ ਤੇ ਪੰਜਾਬ ਇੰਚਾਰਜ ਭਾਜਪਾ ਐੱਸ. ਸੀ. ਮੋਰਚਾ ਸ਼੍ਰੀਰਾਜੇਸ਼ ਬਾਘਾ ਨੇ ਕਿਹਾ ਕਿ ਘਟੀਆ ਕਿਸਮ ਦੀ ਜ਼ਹਿਰੀਲੀ ਸ਼ਰਾਬ ਨਾਲ 116 ਬੇਕਸੂਰ ਗਰੀਬ ਲੋਕਾਂ ਦੀ ਜਾਨ ਚਲੀ ਗਈ ਜਿਸ ਲਈ ਸੂਬੇ ਦੀ ਕਾਂਗਰਸ ਸਰਕਾਰ ਹੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇੰਨੇ ਵੱਡੇ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਨਸ਼ੇ ਦੇ ਇਸ ਨਾਜਾਇਜ਼ ਕਾਰੋਬਾਰ ਨਾਲ ਜੁੜੇ ਵੱਡੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਕੁਝ ਛੋਟੇ ਅਧਿਕਾਰੀਆਂ ‘ਤੇ ਕਾਰਵਾਈ ਕਰਕੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਿਨਾਂ ਸਿਆਸੀ ਮਦਦ ਤੋਂ ਇੰਨੇ ਵੱਡੇ ਪੱਧਰ ‘ਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਜ਼ਿਆਦਾ ਦੇਰ ਤਕ ਜਾਰੀ ਨਹੀਂ ਰਹਿ ਸਕਦਾ ਸੀ। ਉਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਕੀਤੀ ਪਰ ਕੈਪਟਨ ਸਰਕਾਰ ਵਲੋਂ ਨਾ ਤਾਂ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ। ਪ੍ਰਦਰਨਸ਼ਕਾਰੀਆਂ ‘ਚ ਭਾਜਪਾ ਤੇ ਐੱਸ. ਸੀ. ਮੋਰਚਾ ਦੇ ਅਧਿਕਾਰੀ ਮਹਿੰਦਰ ਥਾਪਰ, ਮਨਜੀਤ ਲਾਲ, ਚੌ. ਗੁਰਦੇਵ ਸਿੰਘ, ਕਿਸ਼ੋਰੀ ਲਾਲ, ਬਲਵੀਰ ਕੁਮਾਰ, ਰਾਮ ਸਰਨਦਾਸ ਕੌਲ ਤੇ ਲੱਕੀ ਸਰਵਟਾ ਆਦਿ ਹਾਜ਼ਰ ਸਨ।