Body found in canal : ਜਲੰਧਰ : ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਨੇੜੇ ਹਰਦੇਵ ਨਗਰ ਵੱਲ ਨਹਿਰ ਤੋਂ ਸ਼ਨੀਵਾਰ ਸਵੇਰੇ ਇੱਕ ਲਾਸ਼ ਵਹਿੰਦੀ ਹੋਈ ਮਿਲੀ ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਉਥੇ ਪੁੱਜੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਨਹਿਰ ਨਾਲ ਲੱਗਦੇ ਸਾਰੇ ਥਾਣਿਆਂ ਨੂੰ ਇਸ ਦੀ ਸੂਚਨਾ ਭੇਜ ਦਿੱਤੀ ਹੈ। ਮ੍ਰਿਤਕ ਦੇਹ ਤੋਂ ਕੋਈ ਅਜਿਹੀ ਚੀਜ਼ ਬਰਾਮਦ ਨਹੀਂ ਹੋਈ ਜਿਸ ਤੋਂ ਉਸ ਬਾਰੇ ਜਾਣਕਾਰੀ ਮਿਲ ਸਕੇ।
ਸ਼ਹੀਦ ਬਾਬੂ ਲਾਭ ਸਿੰਘ ਨਗਰ ਕੋਲ ਸ਼ਨੀਵਾਰ ਸਵੇਰੇ ਲਗਭਗ 11 ਵਜੇ ਲੋਕਾਂ ਨੇ ਨਹਿਰ ‘ਚ ਕੋਈ ਭਾਰੀ ਚੀਜ਼ ਵਹਿੰਦੀ ਦੇਖੀ। ਲੋਕ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਉਹ ਕਿਸੇ ਦੀ ਲਾਸ਼ ਸੀ। ਉਨ੍ਹਾਂ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪਹਿਲਾਂ ਮੌਕੇ ‘ਤੇ ਬਸਤੀ ਬਾਵਾ ਖੇਲ ਦੀ ਪੁਲਿਸ ਪੁੱਜੀ ਪਰ ਇਹ ਲਾਸ਼ ਹਰਦੇਵ ਨਗਰ ਵੱਲ ਨਿਕਲਿਆ ਸੀ। ਇਹ ਇਲਾਕਾ ਥਾਣਾ ਦੋ ਅਧੀਨ ਆਉਂਦਾ ਹੈ। ਇਸ ਤੋਂ ਬਾਅਦ ਬਸਤੀ ਬਾਵਾ ਖੇਲ ਦੀ ਪੁਲਿਸ ਬਿਨਾਂ ਕਾਰਵਾਈ ਕੀਤੇ ਪਰਤ ਗਈ। ਮੌਕੇ ‘ਤੇ ਥਾਣਾ ਦੋ ਦੀ ਪੁਲਿਸ ਐੱਸ. ਆਈ. ਸੁਖਦੇਵ ਸਿੰਘ ਦੀ ਅਗਵਾਈ ‘ਚ ਪੁੱਜੀ ਅਤੇ ਜ਼ਰੂਰੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਹਸਪਤਾਲ ਭਿਜਵਾ ਦਿੱਤਾ।
ਮ੍ਰਿਤਕ ਦੀ ਉਮਰ 30-35 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ। ਉਸ ਨੇ ਸਰੀਰ ‘ਤੇ ਸਿਰਫ ਕੈਪਰੀ ਪਾਈ ਹੋਈ ਸੀ। ਪੁਲਿਸ ਨੁਤਾਬਕ ਉਸ ਦੀ ਫੋਟੋ ਖਿੱਚ ਕੇ ਸਾਰੇ ਜਿਲ੍ਹਿਆਂ ਦੇ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਤਾਂ ਕਿ ਜੇਕਰ ਉਸ ਕੋਲ ਕੋਈ ਗੁੰਮਸ਼ਦਗੀ ਦੀ ਰਿਪੋਰਟ ਦਰਜ ਹੋਵੇ ਤਾਂ ਇਸ ਬਾਰੇ ਪਤਾ ਲੱਗ ਸਕੇ। ਇਸ ਨੂੰ ਵ੍ਹਟਸਐਪ ਗਰੁੱਪਾਂ ‘ਚ ਵੀ ਸ਼ੇਅਰ ਕੀਤਾ ਗਿਆ ਹੈ ਤਾਂ ਕਿ ਕੋਈ ਉਥੋਂ ਇਸ ਦੀ ਪਛਾਣ ਕਰ ਸਕੇ। ਨਹਿਰ ਦੇ ਨਾਲ ਲੱਗਦੇ ਜਲੰਧਰ ਦੇ ਇਲਾਕਿਆਂ ਤੋਂ ਵੀ ਇਸ ਦੀ ਪੁੱਛਗਿਛ ਕੀਤੀ ਜਾ ਰਹੀ ਹੈ।