Border security forces : ਸੂਬੇ ਵਿਚ ਪਾਕਿਸਤਾਨ ਨਾਲ ਲੱਗਦੇ ਗੁਰਦਾਸਪੁਰ ਜਿਲ੍ਹੇ ਵਿਚ ਐਤਵਾਰ ਨੂੰ ਸੀਮਾ ਸੁਰੱਖਿਆ ਬਲਾਂ ਨੇ ਨਸ਼ਾ ਸਮਗਲਰਾਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪਾਕਿਸਤਾਨੀ ਸਮਗਲਰਾਂ ਵਲੋਂ 60 ਕਿਲੋ ਹੈਰੋਇਨ ਰਾਵੀ ਦਰੀਆ ਜ਼ਰੀਏ ਭੇਜੀ ਜਾ ਰਹੀ ਸੀ। ਇਸ ਨੂੰ ਲੈ ਕੇ ਸਥਾਨਕ ਸਮਗਲਰਾਂ ਦੀ ਤਲਾਸ਼ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਬੀ. ਐੱਸ ਐੱਫ. ਦੇ ਅਧਿਕਾਰੀਆਂ ਅਨੁਸਾਰ ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 300 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੀਮਾ ਸੁਰੱਖਿਆ ਬਲ ਦੇ ਗੁਰਦਾਸੁਰ ਸੈਕਟਰ ਦੇ DGI ਰਾਜੇਸ਼ ਸ਼ਰਮਾ ਵਲੋਂ ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਵਿਚ ਪਾਕਿਸਤਾਨ ਨਾਲ ਲੱਗਦੀ ਨਗਲੀ ਘਾਟੀ ਬੀ. ਓ. ਪੀ. ਸਾਹਮਣੇ ਸਵੇਰੇ ਲਗਭਗ 3.15 ਵਜੇ ਜਵਾਨਾਂ ਨੂੰ ਰਾਵੀ ਦਰਿਆ ਵਿਚ ਕੁਝ ਵਹਿੰਦਾ ਹੋਇਆ ਦਿਖਾਈ ਦਿੱਤਾ। ਸੀਮਾ ਸੁਰੱਖਿਆ ਬਲ ਨੇ 10 ਬਟਾਲੀਅਨ ਦੇ ਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਉਸ ਵਹਿੰਦੀ ਚੀਜ਼ ਨੂੰ ਕਾਬੂ ਕਰਨ ਲਈ ਕਿਹਾ ਗਿਆ ਤੇ ਬਾਅਦ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਹੈਰੋਇਨ ਦੇ 60 ਪੈਕੇਟ ਨਿਕਲੇ।
DGI ਰਾਜੇਸ਼ ਸ਼ਰਮਾ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੀ ਹੈਰੋਇਨ ਉਥੋਂ ਬਰਾਮਦ ਹੋਈ ਉਸ ਦੀ ਕੀਮਤ ਲਗਭਗ 300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਸਰਹੱਦ ਦੇ ਇਸ ਪਾਰ ਇਹ ਹੈਰੋਇਨ ਕਿਸ ਦੇ ਮੰਗਵਾਉਣ ‘ਤੇ ਇਥੇ ਪੁੱਜੀ ਹੈ।