BSF launches search : ਪਠਾਨਕੋਟ : ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ‘ਚ ਭਾਰਤ-ਪਾਕਿਸਤਾਨ ਬਾਰਡਰ ‘ਤੇ ਸੁਰੰਗ ਮਿਲਣ ਦੀ ਘਟਨਾ ਤੋਂ ਬਾਅਦ ਪੁਲਿਸ ਫੋਰਸ ਸਾਵਧਾਨ ਹੋ ਗਈ ਹੈ। ਮੰਗਲਵਾਰ ਨੂੰ ਬਮਿਆਲ ਸੈਕਟਰ ‘ਚ ਸੀਮਾ ਸੁਰੱਖਿਆ ਬਲ, ਪੰਜਾਬ ਪੁਲਿਸ ਤੇ ਕਮਾਂਡੋ ਦਸਤਿਆਂ ਨੇ ਸਾਂਝੇ ਤੌਰ ‘ਤੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਰਚ ਆਪ੍ਰੇਸ਼ਨ ਚਲਾਇਆ।
ਐੱਸ. ਪੀ. ਆਪ੍ਰੇਸ਼ਨ ਹੇਮਪੁਸ਼ਪ ਸ਼ਰਮਾ ਦੀ ਅਗਵਾਈ ਵਿੱਚ ਚਲਾਏ ਗਈ ਸਰਚ ਮੁਹਿੰਮ ਵਿੱਚ ਪੁਲਿਸ ਚੌਕੀ ਬਮਿਆਲ ਇੰਚਾਰਜ ਅਰੁਣ ਸ਼ਰਮਾ ਵੀ ਸ਼ਾਮਲ ਹਨ। ਫਿਲਹਾਲ ਜਾਂਚ ਵਿੱਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਬਮਿਆਲ ਸੈਕਟਰ ਵੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਾ ਹੋਣ ਕਾਰਨ ਸੁਰੱਖਿਆ ਦੀ ਨਜ਼ਰ ਤੋਂ ਬਹੁਤ ਸੰਵੇਦਨਸ਼ੀਲ ਹੈ। ਬਮਿਆਲ ਦੀ ਇੱਕ ਸਰਹੱਦ ਜੰਮੂ-ਕਸ਼ਮੀਰ ਨਾਲ ਵੀ ਲੱਗਦੀ ਹੈ। ਕੁਝ ਮਹੀਨਿਆਂ ਤੋਂ ਬਮਿਆਲ ਸੈਕਟਰ ਵਿੱਚ ਕੁਝ ਗਤੀਵਿਧੀਆਂ ਹੋਈਆਂ। ਹੁਣ ਗੁਆਂਢੀ ਸੂਬੇ ਵਿੱਚ ਸੁਰੰਗ ਮਿਲਣ ਘਟਨਾ ਨਾਲ ਬਮਿਆਲ ਸੈਕਟਰ ‘ਚ ਚੌਕਸੀ ਵਧਾ ਦਿੱਤੀ ਗਈ ਹੈ।
ਮੰਗਲਵਾਰ ਨੂੰ ਬੀ. ਐੱਸ. ਐੱਫ., ਪੰਜਾਬ ਪੁਲਿਸ ਤੇ ਕਮਾਂਡੋ ਟੀਮ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੀ ਟਿੰਪਾ ਪੋਸਟ ਦੇ ਕੋਲ ਸਰਚ ਮੁਹਿੰਮ ਚਲਾਈ ਗਈ। ਐੱਸ. ਪੀ. ਆਪ੍ਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਦੱਸਿਆ ਕਿ ਬਮਿਆਲ ਸੈਕਟਰ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ ਤਾਂ ਜੋ ਇਸ ਖੇਤਰ ‘ਚ ਪਾਕਿਸਤਾਨ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਸਰਚ ਆਪ੍ਰੇਸ਼ਨ ਵਿੱਚ ਫਿਲਹਾਲ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਜਿਸ ਨਾਲ ਸ਼ੱਕੀ ਗਤੀਵਿਧੀਆਂ ਸਾਬਤ ਹੋ ਸਕਣ।