Businessman Amarjit Singh : ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਹੋਟਲ ਕਾਰੋਬਾਰੀ ਅਮਰਜੀਤ ਸਿੰਘ ਸਮੇਤ ਤਿੰਨ ਲੋਕਾਂ ‘ਤੇ ਪੁਲਿਸ ਨੇ 1.60 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਅਮਰਜੀਤ ‘ਤੇ ਦੋਸ਼ ਹੈ ਕਿ ਉਸ ਨੇ ਖੁਦ ਨੂੰ ਸਿੱਧੂ ਦਾ ਓ. ਐੱਸ. ਡੀ. (ਆਫਿਸਰ ਆਨ ਸਪੈਸ਼ਲ ਡਿਊਟੀ) ਦੱਸ ਕੇ ਵਿਦੇਸ਼ ‘ਚ ਰਹਿ ਰਹੇ ਹਰਪਿੰਦਰ ਸਿੰਘ ਨਾਲ ਆਪਣੇ ਕਾਰੋਬਾਰ ‘ਚ ਨਿਵੇਸ਼ ਕਰਵਾਇਆ। ਹਰਪਿੰਦਰ ਦੀ ਸ਼ਿਕਾਇਤ ਹੈ ਕਿ ਤਿੰਨੋਂ ਦੋਸ਼ੀ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਪੀੜਤ ਐੱਨ. ਆਰ. ਆਈ. ਨੇ ਮੁੱਖ ਮੰਤਰੀ ਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ। ਰਣਜੀਤ ਐਵੇਨਿਊ ਦੇ ਡੀ ਬਲਾਕ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੇ ਬਿਆਨ ‘ਤੇ ਪੁਲਿਸ ਨੇ ਸ਼ਿਵਾਲਾ ਕਾਲੋਨੀ ਦੇ ਹੋਟਲ ਕਾਰੋਬਾਰੀ ਤੇ ਵਕੀਲ ਅਮਰਜੀਤ, ਉਸ ਦੇ ਭਰਾ ਸੁਖਜਿੰਦਰ ਸਿੰਘ ਤੇ ਇਕ ਬੈਂਕ ਦੇ ਸੇਲਜ਼ ਮੈਨੇਜਰ ਫਤਿਹ ਸਿੰਘ ਕਾਲੋਨੀ ਖਿਲਾਫ ਧੋਖਾਦੇਹੀ ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦਾ ਕੇਸ ਦਰਜ ਕੀਤਾ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜ਼ਿਆਦਾ ਸਮਾਂ ਵਿਦੇਸ਼ ‘ਚ ਹੀ ਬੀਤਦਾ ਹੈ। ਦੋਵੇਂ ਦੋਸ਼ੀ ਭਰਾ ਉਸਦੇ ਦੋਸਤ ਹਨ। 2015 ‘ਚ ਜਦੋਂ ਉਹ ਵਿਦੇਸ਼ ਤੋਂ ਪਰਤਿਆ ਤਾਂ ਦੋਵੇਂ ਉਸ ਨੂੰ ਮਿਲਣ ਪਹੁੰਚੇ ਸਨ।
ਹਰਪਿੰਦਰ ਮੁਤਾਬਕ ਅਮਰਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਓ. ਐੱਸ. ਡੀ. ਹੈ। ਦੋਸ਼ੀਆਂ ਦੇ ਕਹਿਣ ‘ਤੇ ਉਸ ਨੇ ਬੱਸ ਅੱਡੇ ਦੇ ਕੋਲ ਹੋਟਲ ਡੀ. ਐੱਸ. ਰਿਜੈਂਸੀ ਖਰੀਦਿਆ ਸੀ। ਇਸ ਤੋਂ ਬਾਅਦ ਕਟਰਾ ਆਹਲੂਵਾਲਾ ਸਥਿਤ ਹੋਟਲ ਡੀ. ਐੱਸ. ਲਿਆ ਤੇ ਉਹ ਦੁਬਾਰਾ ਵਿਦੇਸ਼ ਚਲਾ ਗਿਆ। ਅਮਰਜੀਤ ਤੇ ਸੁਖਜਿੰਦਰ ਉਸ ਨੂੰ ਦੱਸਦੇ ਸਨ ਕਿ ਦੋਵੇਂ ਹੋਟਲ ਘਾਟੇ ‘ਚ ਜਾ ਰਹੇ ਹਨ। ਇਸ ‘ਤੇ ਹਰਪਿੰਦਰ ਨੂੰ ਸ਼ੱਕ ਹੋਣ ਲੱਗੇ ਤੇ ਜਦੋਂ ਉਹ ਭਾਰਤ ਪਰਤਿਆ ਤਾਂ ਉਸ ਨੇ ਹਿਸਾਬ ਮੰਗਿਆ। ਪੈਸਿਆਂ ਦੀ ਵਸੂਲੀ ਲਈ ਡੀ. ਐੱਸ. ਰੀਜੈਂਸੀ ਹੋਟਲ ਨੂੰ 4 ਕਰੋੜ 70 ਲੱਖ ‘ਚ ਵੇਚ ਦਿੱਤਾ। ਉਸ ਤੋਂ ਬਾਅਦ ਉਸ ਨੂੰ 55 ਲੱਖ ਦਾ ਚੈੱਕ ਦਿੱਤਾ ਗਿਆ ਜੋ ਬਾਊਂਸ ਹੋ ਗਿਆ ਸੀ। ਦੋਸ਼ੀਆਂ ਨੇ ਕੁੱਲ 1.60 ਕਰੋੜ ਦੀ ਠੱਗੀ ਕੀਤੀ ਹੈ।