Case 2 of : ਅੱਜ ਜਿਲ੍ਹਾ ਜਲੰਧਰ ਵਿਖੇ 2 ਬੀਮਾਰ ਵਿਅਕਤੀਆਂ ਦੇ ਸੜਕ ‘ਤੇ ਸੁੱਟੇ ਜਾਣ ਦੀ ਵੀਡੀਓ ਵਾਇਰਲ ਹੋਈ। ਡੀ. ਸੀ. ਘਣਸ਼ਿਆਮ ਥੋਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਤੇ ਇਸ ਲਈ ਉਨ੍ਹਾਂ ਨੇ ਸਹਾਇਕ ਕਮਿਸ਼ਨਰ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਡੀ. ਸੀ. ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ‘ਚ ਇਹ ਮਾਮਲਾ ਆਇਆ ਸੀ ਕਿ ਇੱਕ ਬੀਮਾਰ ਵਿਅਕਤੀ ਨੂੰ ਰੇਲਵੇ ਸਟੇਸ਼ਨ ਤੇ ਬਾਹਰ ਛੱਡਿਆ ਗਿਆ ਹੈ ਜਿਸ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ ਜੋ ਕਿ ਹਸਪਤਾਲ ਜਾ ਕੇ ਡੂੰਘਾਈ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਰਿਪੋਰਟ ਦੇਣਗੇ।
ਇਸ ਦੌਰਾਨ ਹਸਪਤਾਲ ‘ਚ ਦਾਖਲ ਦੋਵੇਂ ਮਰੀਜ਼ਾਂ ਦੇ ਇਲਾਜ, ਉਨ੍ਹਾਂ ਦੇ ਖਾਣ-ਪੀਣ ਦਾ ਖਰਚ ਵੀ ਰੈੱਡਕਰਾਸ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕ੍ਰੇਟਰੀ ਰੈੱਡਕਰਾਸ ਸੁਸਾਇਟੀ ਨੂੰ ਹਸਪਤਾਲ ਜਾ ਕੇ ਦੋਵੇਂ ਮਰੀਜ਼ਾਂ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ। ਡੀ. ਸੀ. ਦੇ ਨਿਰਦੇਸ਼ ‘ਤੇ ਰੈੱਡਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਹਸਪਤਾਲ ਪੁੱਜੇ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਮਰੀਜ਼ਾਂ ਨੂੰ ਕੱਪੜੇ ਮੁਹੱਈਆ ਕਰਵਾਏ ਗਏ ਤੇ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਇਨ੍ਹਾਂ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਸੜਕ ਦੁਰਘਟਨਾ ਤੋਂ ਬਾਅਦ ਇਥੇ ਦਾਖਲ ਹੋਇਆ ਸੀ। ਸੁਸਾਇਟੀ ਵੱਲੋਂ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਪਰਤਣ ‘ਚ ਆਰਥਿਕ ਮਦਦ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।
ਡੀ. ਸੀ. ਨੇ ਕਿਹਾ ਕਿ ਇਸ ਮਾਮਲੇ ‘ਚ ਲਾਪ੍ਰਵਾਹੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਿਲ੍ਹੇ ‘ਚ ਬੇਹਤਰੀਨ ਸੇਵਾਵਾਂ ਉਪਲਬਧ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤੋਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।