Case of old : ਜਲੰਧਰ : ਅੱਜ ਸਵੇਰੇ ਇੱਕ ਸਾਬਕਾ ਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਉਹ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਸੀ। ਅਚਾਨਕ ਬਾਈਕ ‘ਤੇ ਸਵਾਰ ਕੁਝ ਨੌਜਵਾਨ ਆਏ ਅਤੇ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਪੰਚ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਕਿ ਹੱਤਿਆ ਪੁਰਾਣੀ ਰੰਜਿਸ਼ ਕਾਰਨ ਕੀਤੀ ਗਈ ਹੈ। ਦੋ ਧਿਰਾਂ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਰੰਜਿਸ਼ ਚੱਲਣ ਦਾ ਪਤਾ ਲੱਗਾ ਹੈ।
ਮ੍ਰਿਤਕ ਦੀ ਪਛਾਣ ਪਿੰਡ ਜਮਸ਼ੇਰ ਖਾਸ ਦੇ ਨਿਵਾਸੀ ਮਾਨ ਸਿੰਘ ਰਾਣਾ (65) ਵਜੋਂ ਹੋਈ ਹੈ। ਉਹ ਪਿੰਡ ਦੀ ਪੰਚਾਇਤ ਦਾ ਮੈਂਬਰ ਰਹਿ ਚੁੱਕਾ ਹੈ। ਸੋਮਵਾਰ ਸਵੇਰੇ ਮਾਨ ਸਿੰਘ ਘਰ ਤੋਂ ਗੁਰਦੁਆਰੇ ਮੱਥਾ ਟੇਕਣ ਲਈ ਗਿਆ ਸੀ। ਥੋੜ੍ਹੀ ਦੂਰੀ ‘ਤੇ ਹੀ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਾਨ ਸਿੰਘ ਨੇ ਘੇਰ ਲਿਆ।ਪਹਿਲਾਂ ਘਟਨਾ ਵਾਲੀ ਥਾਂ ‘ਤੇ ਹੀ ਇਹ ਲੋਕ ਆਪਸ ‘ਚ ਹੱਥੋਂਪਾਈ ਹੋ ਗਏ ਪਰ ਜਦੋਂ ਮਾਨ ਸਿੰਘ ਭੱਜਣ ਲੱਗਾ ਤਾਂ ਹਮਲਾਵਰਾਂ ਨੇ ਫਾਇਰ ਕਰ ਦਿੱਤੇ। ਛਾਤੀ ਤੇ ਬਾਂਹ ‘ਤੇ ਤਿੰਨ ਗੋਲੀਆਂ ਲੱਗਣ ਕਾਰਨ ਮਾਨ ਸਿੰਘ ਨੇ ਉਥੇ ਹੀ ਦਮ ਤੋੜ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪਿੰਡ ਦੇ ਹੀ ਦੋ ਨੌਜਵਾਨਾਂ ਦਾ ਨਾਂ ਇਸ ਕਤਲ ਕਾਂਡ ‘ਚ ਸਾਹਮਣੇ ਆ ਰਿਹਾ ਹੈ। ਜਿਨ੍ਹਾਂ ਖਿਲਾਪ ਪਹਿਲਾਂ ਵੀ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਹੈ।
ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਰੰਜਿਸ਼ ਚੱਲ ਰਹੀ ਸੀ। ਸ਼ੰਕਾ ਦੱਸੀ ਜਾ ਰਹੀ ਹੈ ਕਿ ਵਾਰਦਾਤ ਜਾਂ ਤਾਂ ਇਨ੍ਹਾਂ ਲੋਕਾਂ ਨੇ ਖੁਦ ਕੀਤੀ ਹੈ ਜਾਂ ਫਿਰ ਸੁਪਾਰੀ ਦੇ ਕੇ ਕਰਵਾਈ ਹੈ। ਇਸ ਬਾਰੇ ਥਾਣਾ ਇੰਚਾਰਜ ਕਮਲਜੀਤ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਕੋਲ ਮੌਜੂਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।ਇਨ੍ਹਾਂ ਤੋਂ ਹਤਿਆਰਿਆਂ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।