Center approves 18: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ 1000 ਕਿਲੋਮੀਟਰ ਲੰਬਾਈ ਵਾਲੇ 18 ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਥੇ ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਮਾਮਲਾ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਕੋਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਇਹ ਮਨਜ਼ੂਰੀ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂਆਂ ਸੜਕਾਂ ਦੀ ਉਸਾਰੀ ਲਈ ਤਜਵੀਜ਼ਾਂ ਵਿੱਚੋਂ ਕਾਫੀ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਭੇਜੀਆਂ ਗਈਆਂ ਸਨ ਪਰ ਹੁਣ ਤੱਕ ਲਟਕ ਰਹੀਆਂ ਸਨ ਕਿਉਂਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਸਹੀ ਤਰੀਕੇ ਪੈਰਵਈ ਕਰਨ ਵਿਚ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ ਤਿੰਨ ਨਵੇਂ ਸੜਕ ਲਿੰਕ ਤਾਂ ਪ੍ਰਤੀਸ਼ਠਤ ਦਿੱਲੀ-ਅੰਮ੍ਰਿਤਸਰ-ਕੱਟੜਾ ਸਹੁੰ ਮਾਰਗੀ ਐਕਸਪ੍ਰੈਸ ਵੇਅ ਨਾਲ ਸਬੰਧਤ ਹਨ ਜਿਹਨਾਂ ਨੂੰ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 18 ਪ੍ਰਾਜੈਕਟਾਂ ਵਿੱਚੋਂ 8 ਜਿਲ੍ਹਾ ਫਿਰੋਜ਼ਪੁਰ ਤੇ ਬਠਿੰਡਾ ਨਾਲ ਸਬੰਧਤ ਹਨ। ਲੋਕਾਂ ਵੱਲੋਂ ਮਾਮਲਾ ਚੁੱਕੇ ਜਾਣ ‘ਤੇ ਸ. ਸੁਖਬੀਰ ਬਾਦਲ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਕੀਤੀ ਤੇ ਇਨ੍ਹਾਂ ਪ੍ਰਾਜੈਕਟਾਂ ਦੀ ਮਨਜ਼ੂਰੀ ਲਈ।
ਬੀਬਾ ਬਾਦਲ ਨੇ ਦੱਸਿਆ ਕਿ ਬਠਿੰਡਾ ਤੇ ਫਿਰੋਜ਼ਪੁਰ ਸੰਸਦੀ ਹਲਕਿਆਂ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ ਮਲੋਟ ਮੰਡੀ-ਡਬਵਾਲੀ, ਸੁਨਾਮ-ਭੈਣੀ ਬਾਘਾ, ਭੈਣੀ ਬਾਘਾ-ਕੋਟ ਸ਼ਮੀਰ, ਝੋਕੇ ਹਰੀਹਰ-ਬੂਰਾਗੁੱਜਰ, ਰੁਪਾਣਾ-ਮਲੋਟ-ਮੰਡੀ ਡਬਵਾਲੀ, ਅਬੋਹਰ-ਫਾਜ਼ਿਲਕਾ, ਜੋਧਪੁਰ ਰੋਮਾਣਾ-ਮੰਡੀ ਡਬਵਾਲੀ ਅਤੇ ਮਲੋਟ ਸਾਧੂਵਾਲੀ ਸੜਕਾਂ ਸ਼ਾਮਲ ਹਨ ਤੇ ਇਸੇ ਤਰ੍ਹਾਂ ਇਨ੍ਹਾਂ ਵਿੱਚ ਪਾਤੜਾਂ-ਨਕੋਦਰ, ਨਕੋਦਰ-ਗੁਰਦਾਸਪੁਰ ਅਤੇ ਨਕੋਦਰ-ਅੰਮ੍ਰਿਤਸਰ ਹਿੱਸੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ 18 ਸੜਕੀ ਪ੍ਰਾਜੈਕਟਾਂ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ 1 ਸਾਲ ਦੇ ਵਿੱਚ-ਵਿੱਚ ਇਨ੍ਹਾਂ ਪ੍ਰਾਜੈਕਟਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।