Central government directs : ਚੰਡੀਗੜ੍ਹ : ਪੰਜਾਬ ਸਕਾਲਰਸ਼ਿਪ ਘਪਲੇ ਨਾਲ ਸੂਬੇ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਵਿੱਚ ਕੇਂਦਰ ਸਰਕਾਰ ਹੁਣ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਚੀਫ ਸੈਕ੍ਰੇਟਰੀ ਜਾਂ ਉਸ ਤੋਂ ਸੀਨੀਅਰ ਅਧਿਕਾਰੀ ਤੋਂ ਕਰਵਾਏਗੀ। ਇਹ ਫੈਸਲਾ ਸਮਾਜਿਕ ਨਿਆਂ ਅਤੇ ਅਧਿਕਾਰ ਮੰਤਰੀ ਥਾਵਰ ਚੰਦ ਗਹਿਲੋਤ ਨੇ ਲਿਆ ਹੈ। ਇਸ ਸਬੰਧੀ ਜਾਣਕਾਰੀ ਮੰਗਲਵਾਰ ਨੂੰ ਕੇਂਦਰੀ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਵੀ ਦਿੱਤੀ। ਕੇਂਦਰ ਸਰਕਾਰ ਨੇ ਜਾਂਚ ਅਧਿਕਾਰੀ ਨੂੰ ਲੈ ਕੇ ਇਸ ਲਈ ਵੀ ਆਪਣੇ ਫੈਸਲੇ ਦਾ ਰਿਵਿਊ ਕੀਤਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡੀਸ਼ਨਲ ਚੀਫ ਸੈਕ੍ਰੇਟਰੀ ਕ੍ਰਿਪਾ ਸ਼ੰਕਰ ਸਰੋਜ ਦੀ ਜਾਂਚ ਰਿਪੋਰਟ ‘ਤੇ ਦੁਬਾਰਾ ਜਾਂਚ ਚੀਫ ਸੈਕ੍ਰੇਟਰੀ ਵਿਨੀ ਮਹਾਜਨ ਨੂੰ ਸੌਂਪ ਦਿੱਤੀ ਹੈ। ਕੇਂਦਰ ਨੇ ਪਹਿਲਾਂ ਜੁਆਇੰਟ ਸੈਕ੍ਰੇਟਰੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ।
ਦੂਜੇ ਪਾਸੇ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਅਕਾਲੀ ਦਲ ਦਾ ਇਕ ਵਫਦ ਥਾਵਰ ਚੰਦ ਗਹਿਲੋਤ ਨੂੰ ਮਿਲਿਆ। ਵਫਦ ‘ਚ ਦੋ ਸਾਬਕਾ ਮੰਤਰੀ ਤੇ ਦੋ ਵਿਧਾਇਕ ਸ਼ਾਮਲ ਸਨ। ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਸਨ। ਇਸ ਵਫਦ ਦੀ ਅਗਵਾਈ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕੀਤੀ। ਇਸ ਮਾਮਲੇ ਦੀ ਜਿਸ ਤਰ੍ਹਾਂ ਤੋਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ‘ਚ ਸੀ. ਬੀ. ਆਈ. ਜਾਂਚ ਚੱਲ ਰਹੀ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ਸੀ. ਬੀ. ਆਈ. ਦੀ ਜਾਂਚ ਹੋਵੇ। ਵਫਦ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਉਂਕਿ 39 ਕਰੋੜ ਰੁਪਏ ਦਾ ਰਿਕਾਰਡ ਹੀ ਪੰਜਾਬ ਸਰਕਾਰ ਦੇ ਕੋਲ ਹੀ ਨਹੀਂ ਹੈ ਕਿ ਪੈਸਾ ਕਿਥੇ ਗਿਆ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਐੱਸ. ਸੀ. ਵਿਦਿਆਰਥੀਆਂ ਦੀ ਗਿਣਤੀ ਹਰੇਕ ਸਾਲ ਘੱਟ ਹੁੰਦੀ ਜਾ ਰਹੀ ਹੈ ਜਦੋਂਕਿ ਦੂਜੇ ਰਾਜਾਂ ‘ਚ ਅਜਿਹਾ ਨਹੀਂ ਹੈ। ਇਹ ਚਿੰਤਾ ਦਾ ਵਿਸ਼ਾ ਹੈ।
ਇਸੇ ਤਰ੍ਹਾਂ ਜਿਹੜੇ ਕਾਲਜਾਂ ਤੋਂ 8 ਕਰੋੜ ਰੁਪਏ ਦੀ ਰਿਕਵਰੀ ਕਰਨੀ ਸੀ, ਉਨ੍ਹਾਂ ਕਾਲਜਾਂ ਨੂੰ ਉਲਟਾ 16.91 ਕਰੋੜ ਰੁਪਏ ਜਾਰੀ ਕਰ ਦਿੱਤਾ ਗਿਆ ਜਦੋਂਕਿ ਰਿਕਵਰੀ ਨਹੀਂ ਹੋਈ। ਇਸ ਵਿੱਚ ਕਿਉਂਕਿ ਪੈਸਿਆਂ ਦਾ ਲੈਣ-ਦੇਣ ਹੋਇਆ ਹੈ। ਇਸ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਵੀ ਜਾਂਚ ਕਰਵਾਉਣੀ ਚਾਹੀਦੀ ਹੈ। ਵਫਦ ਵਿੱਚ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸੋਹਨ ਸਿੰਘ ਠੰਡਲ, ਵਿਧਾਇਕ ਪਵਨ ਟੀਨੂੰ, ਡਾ. ਸੁਖਵਿੰਦਰ ਸਿੰਘ ਸੁੱਖੀ ਤੇ ਬਲਦੇਵ ਸਿੰਘ ਖਹਿਰਾ ਸ਼ਾਮਲ ਸਨ।