Chandigarh Education Department : ਚੰਡੀਗੜ੍ਹ ਵਿਖੇ ਸਤੰਬਰ ਮਹੀਨੇ ਵਿਚ ਬਹੁਤ ਸਾਰੇ ਟੀਚਰ ਰਿਟਾਇਰ ਹੋਣ ਵਾਲੇ ਹਨ, ਜਿਸ ਕਾਰਨ ਬਹੁਤ ਸਾਰੇ ਅਹੁਦੇ ਖਾਲੀ ਹੋਣ ਵਾਲੇ ਹਨ। ਵਿਭਾਗ ਨੇ ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਭਰਤੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਖਾਲੀ ਅਹੁਦਿਆਂ ਨੂੰ ਭਰਨ ਲਈ ਵਿਭਾਗ ਨੂੰ ਇਸ ਸਾਲ ਵੀ ਦੂਜੇ ਰਾਜਾਂ ਦਾ ਸਹਾਰਾ ਹੈ ਜਦੋਂ ਵੀ ਸ਼ਹਿਰ ਵਿਚ ਟੀਚਰਾਂ ਦੀ ਭਰਤੀ ਹੁੰਦੀ ਹੈ ਸਿੱਖਿਆ ਵਿਭਾਗ ਨੇ ਦੂਜੇ ਰਾਜਾਂ ਵਲ ਹੀ ਰੁਖ ਕੀਤਾ ਹੈ। ਇਸ ਸਾਲ ਵੀ ਸਿੱਖਿਆ ਵਿਭਾਗ ਦੂਜੇ ਰਾਜਾਂ ਦੇ ਸਹਾਰੇ ਹੈ। ਸ਼ਹਿਰ ਵਿਚ ਪਹਿਲਾਂ ਹੀ ਵੱਡੀ ਗਿਣਤੀ ਵਿਚ ਟੀਚਰ ਡੈਪੂਟੇਸ਼ਨ ‘ਤੇ ਆਏ ਹੋਏ ਹਨ। ਸਮਾਂ ਪੂਰਾ ਹੋਣ ਦੇ ਬਾਵਜੂਦ ਟੀਚਰ ਚੰਡੀਗੜ੍ਹ ਛੱਡ ਕੇ ਆਪਣੇ ਰਾਜ ਵਿਚ ਵਾਪਸ ਨਹੀਂ ਜਾ ਰਹੇ।
ਸਿੱਖਿਆ ਵਿਭਾਗ ਵਲੋਂ ਡੈਪੂਟੇਸ਼ਨ ‘ਤੇ ਆਏ ਹੋਏ ਕਈ ਟੀਚਰਾਂ ਨੂੰ ਪ੍ਰਮੋਸ਼ਨ ਦੇ ਕੇ ਸਰਕਾਰੀ ਸਕੂਲਾਂ ਵਿਚ ਹੈੱਡ ਤੇ ਪ੍ਰਿੰਸੀਪਲ ਦੀ ਪੋਸਟ ਦੇ ਦਿੱਤੀ ਗਈ ਹੈ। ਸਿੱਖਿਆ ਵਿਭਾਗ ਖੁਦ ਹੀ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਰਾਜਾਂ ਤੋਂ ਡੈਪੂਟੇਸ਼ਨ ‘ਤੇ ਆਏ ਟੀਚਰਾਂ ਦੀ ਭਰਮਾਰ ਹੈ। ਕਈ ਟੀਚਰਾਂ ਨੂੰ ਡੈਪੂਟੇਸ਼ਨ ‘ਤੇ ਆਏ ਹੋਏ 10 ਸਾਲ ਤੋਂ ਵੀ ਵਧ ਦਾ ਸਮਾਂ ਹੋ ਗਿਆ ਹੈ। ਇਸ ਮਿਆਦ ਵਿਚ ਡੈਪੂਟੇਸ਼ਨ ‘ਤੇ ਆਏ ਹੋਏ ਟੀਚਰ ਵਾਪਸ ਨਹੀਂ ਗਏ।
ਸ਼ਹਿਰ ਵਿਚ ਅਸਥਾਈ ਰੂਪ ਨਾਲ ਕੰਮ ਕਰ ਰਹੇ ਟੀਚਰਾਂ ਨੂੰ ਸਿੱਖਿਆ ਵਿਭਾਗ ਵਲੋਂ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਹੈ। ਇਨ੍ਹਾਂ ਟੀਚਰਾਂ ਦੀ ਚੋਣ ਸਰਵ ਸਿੱਖਿਆ ਮੁਹਿੰਮ ਤਹਿਤ ਕੀਤੀ ਗਈ ਹੈ। ਜਿਥੇ ਇਕ ਪਾਸੇ ਸਹਿਰ ਵਿਚ ਡੈਪੂਟੇਸ਼ਨ ਟੀਚਰਾਂ ਦੀ ਭਰਮਾਰ ਹੈ ਉਥੇ ਦੂਜੇ ਪਾਸੇ ਓਵਰਸਟੇਅ ਟੀਚਰ ਵੀ ਘੱਟ ਨਹੀਂ ਹਨ। ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ 100 ਤੋਂ ਵਧ ਸਿੱਖਿਅਕ ਓਵਰ ਸਟੇਅ ਹਨ। ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਟੀਚਰਾਂ ਦੀ ਭਰਤੀ ਕੱਢੇ ਤਾਂ ਸ਼ਹਿਰ ਦੇ ਨੌਜਵਾਨਾਂ ਨੂੰ ਪਹਿਲ ਦੇਵੇ।