Chandigarh: Two accused : ਚੰਡੀਗੜ੍ਹ ਵਿਖੇ ਇਕ ਵਕੀਲ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਦੋਸ਼ੀਆਂ ਗੁਰਮੇਲ ਸਿੰਘ ਤੇ ਰਾਜਿਵੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ ਉਹ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਜਿਸ ‘ਚ ਵਕੀਲ ਦੀ ਲਾਸ਼ ਨੂੰ ਪਾ ਕੇ ਨਹਿਰ ਵਿਚ ਸੁੱਟਿਆ ਗਿਆ ਸੀ। ਮ੍ਰਿਤਕ ਦੀ ਪਛਾਣ ਵਕੀਲ ਕੁਲਬੀਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਇੰਚਾਰਜ ਅਖਿਲ ਚੌਧਰੀ ਨੇ ਦੱਸਿਆ ਕਿ ਕੁਲਬੀਰ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਮੋਰਿੰਡਾ ਵਿਖੇ ਮੁੱਖ ਅਫਸਰ ਥਾਣਾ ਸਦਰ ਵਿਚ ਦੱਸਿਆ ਸੀ ਕਿ ਕੁਲਬੀਰ ਸਿੰਘ ਦੀ ਚੰਡੀਗੜ੍ਹ ਵਿਖੇ ਕੋਠੀ ਦਾ ਖਰੜ ਦੀ ਅਦਾਲਤ ਵਿਚ ਕਾਫੀ ਦੇਰ ਤੋਂ ਕੇਸ ਚੱਲ ਰਿਹਾ ਸੀ ਤੇ 31 ਜੁਲਾਈ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੋਠੀ ਦੇ ਕੇਸ ਸਬੰਧੀ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਸ ਨੇ ਨਾਂ ਤਾਂ ਫੋਨ ਚੁੱਕਿਆ ਤੇ ਨਾ ਹੀ ਉਹ ਘਰ ਵਾਪਸ ਆਇਆ।
ਭਰਾ ਨੇ ਦੱਸਿਆ ਕਿ ਮ੍ਰਿਤਕ ਕੁਲਬੀਰ ਸਿੰਘ ਪਿੰਡ ਧਨੌਰੀ ਵਿਖੇ ਗਿਆ ਸੀ ਤੇ ਉਥੇ ਗੁਰਮੇਲ ਸਿੰਘ ਉਰਫ ਰੋਡੂ ਪੁੱਤਰ ਸੋਹਣ ਸਿੰਘ ਤੇ ਰਾਜਵਿੰਦਰ ਸਿੰਘ ਉਰਫ ਰਤਨਾ ਪੁੱਤਰ ਜਰਨੈਲ ਸਿੰਘ ਵਾਸੀ ਧਨੌਰੀ ਨੂੰ ਮਿਲਿਆ ਸੀ ਪਰ ਉਸਤੋਂ ਬਾਅਦ ਕੁਲਬੀਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਸੋਹਣ ਸਿੰਘ ਤੇ ਰਾਜਵਿੰਦਰ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੋਠੀ ਦੇ ਝਗੜੇ ਸਬੰਧੀ ਉਸ ਦੇ ਭਰਾ ਦਾ ਕਤਲ ਕੀਤਾ ਹੈ। ਉਸਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁੱਛਗਿਛ ਦੌਰਾਨ DSP ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਕੋਠੀ ਦੇ ਝਗੜੇ ਕਾਰਨ ਕੁਲਬੀਰ ਸਿੰਘ ਦਾ ਕਤਲ ਕੀਤਾ ਹੈ। ਅਦਾਲਤ ਵਲੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁਲਾਜ਼ਮਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ।