Chief Minister Capt : ਪੰਜਾਬ ਦਾ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੋਹਾਲੀ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਸਵੇਰ ਤੋਂ ਹੀ ਅਧਿਕਾਰੀ ਝੰਡਾ ਲਹਿਰਾਉਣ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਲਹਿਰਾਉਣਗੇ। ਆਜ਼ਾਦੀ ਦਿਵਸ ਮੌਕੇ ਇਹ ਪਹਿਲਾ ਮੌਕਾ ਹੈ ਜਦੋਂ ਸਮਾਰੋਹ ਵਿਚ ਬੱਚਿਆਂ ਵਲੋਂ ਕੋਈ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਜਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਕਾਰਨ ਲਿਆ ਗਿਆ ਹੈ।
ਇਸ ਸਬੰਧੀ ਡੀ. ਸੀ. ਗਿਰੀਸ਼ ਦਿਆਲਨ ਨੇ ਡੀ. ਈ. ਓ. ਨੂੰ ਸਾਫ ਹੁਕਮ ਦਿੱਤੇ ਸਨ ਕਿ ਪ੍ਰੋਗਰਾਮ ਵਿਚ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਸ਼ਾਮਲ ਨਾ ਕੀਤਾ ਜਾਵੇ। ਸਮਾਰੋਹ ਨੂੰ ਫੇਸਬੁੱਕ ਤੇ ਹੋਰ ਸਰਕਾਰੀ ਪੋਰਟਲ ‘ਤੇ ਲਾਈਵ ਦਿਖਾਇਆ ਜਾਵੇਗਾ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੂਬੇ ਭਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਖੁਫੀਆ ਏਜੰਸੀਆਂ ਨੂੰ ਵੀ ਜਾਗਰੂਕ ਰਹਿਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਖਾਲਿਸਤਾਨੀ ਸਮਰਥਕਾਂ ਨਾਲ ਨਜਿੱਠਣ ਲਈ ਵੀ ਪੁਲਿਸ ਜਾਗਰੂਕ ਹੈ।
ਬੀਤੇ ਦਿਨੀਂ ਮੋਗਾ ਵਿਖੇ ਖਾਲਿਸਤਾਨੀ ਸਮਰਥਕਾਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਪੁਲਿਸ ਫੋਰਸ ਹੋਰ ਸਾਵਧਾਨ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਪ੍ਰਸ਼ਾਸਨਿਕ ਹਾਲ ‘ਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਕੈਪਟਨ ਨੇ ਪੰਨੂੰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ‘ਚ ਹਿੰਮਤ ਹੈ ਤਾਂ ਉਹ ਪੰਜਾਬ ਆਏ।