Chlorine gas leak : ਮੋਹਾਲੀ : ਮੋਹਾਲੀ ਪਿੰਡ ‘ਚ ਕਲੋਰੀਨ ਗੈਸ ਲੀਕ ਹੋਣ ਨਾਲ ਇੱਕ ਵਾਰ ਫਿਰ ਤੋਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਲੋਰੀਨ ਗੈਸ ਦਾ ਇਹ ਸਿਲੰਡਰ ਟਿਊਬਵੈੱਲ ਦੇ ਬੰਦ ਕਮਰੇ ‘ਚ ਪਿਆ ਸੀ ਜਿਸ ਨਾਲ ਗੈਸ ਲੀਕ ਹੋਈ ਹੈ। ਮੌਕੇ ‘ਤੇ ਪੁੱਜੇ ਫਾਇਰ ਬ੍ਰਿਗੇਡ ਦੀ ਟੀਮ ਨੇ ਹਾਲਾਤ ਨੂੰ ਕੰਟਰੋਲ ਕਰ ਲਿਆ ਅਤੇ ਪਾਣੀ ਪਾ ਕੇ ਗੈਸ ਦਾ ਅਸਰ ਖਤਮ ਕਰ ਦਿੱਤਾ ਤੇ ਬਾਅਦ ‘ਚ ਸਿਲੰਡਰ ਨੂੰ ਨਸ਼ਟ ਕਰ ਦਿੱਤਾ ਗਿਆ। ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਬਲੌਂਗੀ ‘ਚ ਕੁਝ ਮਹੀਨੇ ਪਹਿਲਾਂ ਵੀ ਕਲੋਰੀਨ ਗੈਸ ਲੀਕ ਹੋ ਗਈ ਸੀ ਜਿਸ ਕਾਰਨ ਇਸ ਦੀ ਲਪੇਟ ‘ਚ ਆਉਣ ਨਾਲ ਲਗਭਗ 40 ਲੋਕਾਂ ਦੀ ਤਬੀਅਤ ਖਰਾਬ ਹੋ ਗਈ ਸੀ ਜਿਨ੍ਹਾਂ ਨੂੰ ਫੇਜਡ-6 ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਕਈ ਲੋਕਾਂ ਦੀ ਜਾਨ ਮੁਸ਼ਕਲ ਨਾਲ ਬਚੀ ਸੀ। ਸ਼ੁੱਕਰਵਾਰ ਸਵੇਰੇ 8 ਵਜੇ ਦੇ ਨੇੜੇ ਮੋਹਾਲੀ ਪਿੰਡ ਤੋਂ ਚਾਲੂ ਟਿਊਬਵੈੱਲ ਦੇ ਆਪ੍ਰੇਟਰ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਦੱਸਿਆ ਕਿ ਇੱਕ ਬੰਦ ਟਿਊਬਵੈੱਲ ਦੇ ਕਮਰੇ ਤੋਂ ਗੈਸ ਦੀ ਗੰਧ ਆ ਰਹੀ ਹੈ, ਜਿਸ ਤੋਂ ਬਾਅਦ ਤੁਰੰਤ ਵਿਭਾਗ ਦੀ ਟੀਮ ਨੇ ਸਿਲੰਡਰ ਨੂੰ ਬਾਹਰ ਕੱਢ ਕੇ ਪਾਣੀ ਪਾਇਆ ਤੇ ਉਸ ਤੋਂ ਗੈਸ ਖਤਮ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਰਾਹਤ ਦੀ ਸਾਹ ਲਈ।
ਸੂਚਨਾ ਮਿਲਣ ‘ਤੇ ਨਿਗਮ ਦੇ ਜੇ. ਈ. ਵਿਕਰਮ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਸਨ। ਉਥੇ ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟਿਊਬਵੈਲ ਕਾਫੀ ਸਮੇਂ ਤੋਂ ਬੰਦ ਹੈ। ਇਹ ਕਲੋਰੀਨ ਗੈਸ ਦਾ ਸਿਲੰਡਰ ਉਥੇ ਪਿਆ ਗਲ ਗਿਆ ਸੀ ਪਰ ਇਸ ‘ਚ ਬਹੁਤ ਘੱਟ ਗੈਸ ਬਚੀ ਸੀ, ਜੋ ਲੀਕ ਹੋ ਗਈ ਪਰ ਮੌਕੇ ‘ਤੇ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ। ਇਸ ਕਾਰਨ ਬਚਾਅ ਹੋ ਗਿਆ ਫਿਰ ਵੀ ਟੈਕਨੀਕਲ ਟੀਮ ਨੇ ਹਦਾਇਤ ਦਿੱਤੀ ਹੈ ਕਿ ਉਹ ਸਾਰੇ ਟਿਊਬਵੈੱਲ ਨੂੰ ਚੈੱਕ ਕਰੇ ਕਿ ਕਿਤੇ ਕੋਈ ਕਲੋਰੀਨ ਗੈਸ ਦਾ ਸਿਲੰਡਰ ਤਾਂ ਨਹੀਂ ਪਿਆ।