CM announces government : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। 22 ਜੁਲਾਈ 2020 ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਸਿਪਾਹੀ ਸਤਵਿੰਦਰ ਸਿੰਘ ਤੇ ਲਖਵੀਰ ਸਿੰਘ ਸ਼ਹੀਦ ਹੋ ਗਏ ਸਨ। ਉਕਤ ਦੋਵੇਂ ਸਿਪਾਹੀ 22 ਜੁਲਾਈ ਨੂੰ ਚੀਨ ਨਾਲ ਲੱਗਦੀ ਕੰਟਰੋਲ ਰੇਖਾ ‘ਤੇ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਤੇਜ਼ ਰਫਤਾਰ ਨਾਲੇ ‘ਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਗਏ ਤੇ ਇਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਵਿਚ ਵਹਿ ਗਏ।
ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਤਾਂ ਮਿਲ ਗਈ ਹੈ ਪਰ ਸਿਪਾਹੀ ਸਤਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਲਖਵੀਰ ਸਿੰਘ ਮੋਗਾ ਜਿਲ੍ਹੇ ਦੀ ਬਾਘਾਪੁਰਾਣਾ ਦੇ ਪਿੰਡ ਡੇਮਰੂ ਖੁਰਦ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਪਤਨੀ ਨਮਦੀਪ ਕੌਰ ਛੱਡ ਗਏ ਹਨ। ਇਸੇ ਤਰ੍ਹਾਂ ਦੂਜਾ ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਦੇ ਪਿੰਡ ਕੁਤਨਾ ਦਾ ਰਹਿਣ ਵਾਲਾ ਹੈ। ਮੁੱਖ ਮੰਤਰੀ ਵਲੋਂ ਇਨ੍ਹਾਂ ਫੌਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਤੇ ਨਾਲ ਹੀ ਇਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ।