CM instructs 100 : ਸੂਬੇ ‘ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਹੁਣ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਸੀਮਤ ਜ਼ੋਨਾਂ ਵਿਚ ਰੈਪਿਡ ਐਂਟੀਜਨ ਟੈਸਟ ਜ਼ਰੀਏ 100 ਟੈਸਟ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਡੀ. ਸੀ., ਐੱਸ. ਐੱਸ. ਪੀ.ਸਮੇਤ ਸਿਵਲ ਸਰਜਨਾਂ ਨੂੰ ਟੈਸਟਿੰਗ ਕਰਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਦੁਕਾਨਦਾਰਾਂ, ਮੰਡੀਆਂ ‘ਚ ਕੰਮ ਕਰਨ ਵਾਲੇ, ਫਰੰਟ ਲਾਈਨ ‘ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਦੇ ਟੈਸਟ ਇਸੇ ਹਫਤੇ ਕਰਾਉਣ ਨੂੰ ਕਿਹਾ। ਨਾਲ ਹੀ ਅਫਸਰਾਂ ਨੂੰ ਮੈਰਿਜ ਪੈਲੇਸ, ਉਦਯੋਗਿਕ ਇਕਾਈਆਂ ਆਫਿਸਾਂ ਆਦਿ ਵਿਚ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਾਉਣ ਲਈ ਮਾਨੀਟਰ ਦੀ ਨਿਯੁਕਤੀ ਕਰਨ ਦੇ ਹੁਕਮ ਦਿੱਤੇ।
ਸੂਬੇ ਵਿਚ 4 ਜਿਲ੍ਹੇ ਲੁਧਿਆਣਾ, ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਸਭ ਤੋਂ ਵਧ ਕੋਰੋਨਾ ਤੋਂ ਪ੍ਰਭਾਵਿਤ ਹਨ। ਮੁੱਖ ਮੰਤਰੀ ਨੇ ਇਨ੍ਹਾਂ ਜਿਲ੍ਹਿਆਂ ਨੂੰ ਸੈਕਟਰ ‘ਚ ਵੰਡਣ ਲਈ ਡੀ. ਸੀ., ਐੱਸ.ਐੱਸ. ਪੀ ਸਮੇਤ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਦਿੱਤੇ ਤਾਂ ਕਿ ਕੋਰੋਨਾ ਦੇ ਹਾਲਾਤਾਂ ‘ਤੇ ਪੈਨੀ ਨਜ਼ਰ ਰੱਖੀ ਜਾ ਸਕੇ। ਹਰ ਸੈਕਟਰ ਦੀ ਨਿਗਰਾਨੀ ਗਜ਼ਟਿਡ ਰੈਂਕ ਦੇ ਪੁਲਿਸ ਅਧਿਕਾਰੀ ਤੇ ਸਿਵਲ ਸਰਜਨ ਕਰਨਗੇ। ਉਨ੍ਹਾਂ ਨੇ ਖਾਸ ਤੌਰ ‘ਤੇ ਪੁਰਾਣੇ ਸ਼ਹਿਰਾਂ ‘ਚ ਟੈਸਟਿੰਗ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ।
ਡਾ. ਕੇ. ਕੇ. ਤਲਵਾੜ ਨੇ ਦੱਸਿਆ ਕਿ ਕੋਰੋਨਾ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸਾਰੇ ਸਰਕਾਰੀ ਮੈਡੀਕਲ ਕਾਲਜਾਂ, ਸਰਕਾਰੀ ਹਸਪਤਾਲ ਬੁਨਿਆਦੀ ਢਾਂਚੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨਾਲ ਲੈਸ ਹਨ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਤੋਂ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਾਉਣ ਦੀ ਅਪੀਲ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਸ਼ਾਮਲ ਕਰਦਿਆਂ ਤਾਲਮੇਲ ਆਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਸ ਵਿੱਚ ਸੀਮਤ ਜ਼ੋਨਾਂ ‘ਚ ਰੈਪਿਡ ਐਂਟੀਜਨ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਨੂੰ ਤੇਜ਼ ਕਰਨਾ ਚਾਹੀਦਾ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪੂਰੀ ਪੁਲਿਸ ਫੋਰਸ ਕੋਵਿਡ ਦੀਆਂ ਬੰਦਿਸ਼ਾਂ ਨੂੰ ਲਾਗੂ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਆਮ ਤੌਰ ‘ਤੇ ਲੋਕ ਇਸ ਦਾ ਪਾਲਣ ਕਰ ਰਹੇ ਹਨ।