Congress party’s election : ਪੰਜਾਬ ਦੇ ਕੱਚੇ ਦਫਤਰੀ ਮੁਲਾਜ਼ਮ ਕਾਂਗਰਸ ਪਾਰਟੀ ਦਾ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤਾ ਗਿਆ ਚੋਣ ਮੈਨੀਫੈਸਟੋ ਕਾਂਗਰਸੀ ਵਿਧਾਇਕਾਂ ਨੂੰ ਵਾਪਿਸ ਮੋੜਨ ਜਾਣ ਲੱਗੇ ਹਨ। ਚੋਣ ਮੈਨੀਫੈਸਟੋ ਅਜਿਹਾ ਦਸਤਾਵੇਜ਼ ਹੁੰਦਾ ਹੈ ਕਿ ਲੋਕ ਵੇਖ ਸਕਣ ਕਿ ਪਾਰਟੀ ਨੇ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਹਨ ਪਰ ਹੁਣ ਸੂਬੇ ਵਿਚ ਉਲਟੀ ਗੰਗਾ ਵਹਿਣ ਲੱਗੀ ਹੈ। ਦਫਤਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਮੈਨੀਫੈਸਟੋ ਸਾਡੇ ਤਾਂ ਕੋਈ ਕੰਮ ਨਹੀ ਅਇਆ, ਮੈਨੀਫੈਸਟੋ ਵਿਚ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਾਅਦਿਆ ਨੂੰ ਪੂਰਾ ਕਰਨ ਲਈ ਸਰਕਾਰ ਨੇ ਅਜੇ ਤੱਕ ਕੁਝ ਨਹੀ ਕੀਤਾ ਹੈ। ਇਸ ਲਈ ਅਸੀਂ ਇਹ ਮੈਨੀਫੈਸਟੋ ਵਾਪਿਸ ਕਾਂਗਰਸੀ ਵਿਧਾਇਕਾਂ ਨੂੰ ਦੇਣਾ ਹੈ ਕਿਉਂਕਿ ਇਹ ਮੈਨੀਫੈਸਟੋ ਫਰੇਮ ਕਰਵਾ ਕੇ ਕੰਧ ਤੇ ਟੰਗਣ ਲਾਇਕ ਹੀ ਹੈ।
ਚੋਣਾਂ ਦੌਰਾਨ ਮੁੱਖ ਮੰਤਰੀ ਨੇ ਅਤੇ ਮਨਪ੍ਰੀਤ ਬਾਦਲ ਵਲੋਂ ਕਈ ਵਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਪਰ ਅਜਿਹਾ ਹੋਇਆ ਕੁਝ ਵੀ ਨਹੀਂ। ਉਨ੍ਹਾਂ ਦੱਸਿਆ ਕਿ ਮੈਨੀਫੈਸਟੋ ਦੇ ਪੇਜ਼ ਨੰਬਰ 117 ‘ਤੇ ਵਾਅਦੇ ਦਰਜ ਕੀਤੇ ਗਏ ਸਨ ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਆਦਿ ਸ਼ਾਮਲ ਹੈ ਪਰ ਸਰਕਾਰ ਵਲੋਂ ਇਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਨਾਰਾਜ਼ ਹੋ ਕੇ ਦਫਤਰੀ ਮੁਲਾਜ਼ਮਾਂ ਵਲੋਂ ਇਹ ਕਦਮ ਚੁੱਕਿਆ ਗਿਆ ਹੈ।
ਸੂਬੇ ਵਿਚ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦਫਤਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ 15 ਅਗਸਤ ਨੂੰ ਗੁਲਾਮੀ ਦਿਵਸ ਵਜੋਂ ਮਨਾਉਣਗੇ। ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਵਿਕਾਸ ਕੁਮਾਰ ਅਸ਼ੀਸ਼ ਜੁਲਾਹਾ ਪ੍ਰਵੀਨ ਸ਼ਰਮਾ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਨਾਰਾਜ਼ ਮੁਲਾਜ਼ਮ 13 ਅਗਸਤ ਨੂੰ ਪੂਰੇ ਪੰਜਾਬ ਵਿਚ ਕਾਂਗਰਸੀ ਵਿਧਾਇਕਾਂ ਨੂੰ ਮੈਨੀਫੈਸਟੋ ਫਰੇਮ ਕਰਵਾ ਕੇ ਵਾਪਿਸ ਦੇ ਦੇਣਗੇ।