Corona confirmed in : ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਵਿਖੇ 6 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਜਿਲ੍ਹੇ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਹੁਣ ਤਕ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 332 ਤਕ ਹੋ ਚੁੱਕੀ ਹੈ। ਅੱਜ ਜਿਹੜੇ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ 26 ਸਾਲਾ ਲੜਕੀ ਤੇ 5 ਪੁਰਸ਼ ਹਨ। ਇਹ ਸਾਰੇ ਲੰਮਾ ਪਿੰਡ, ਟੈਗੋਰ ਨਗਰ, ਬਸ਼ੀਰਪੁਰ, ਭਗਤ ਸਿੰਘ ਕਾਲੋਨੀ, ਗੋਪਾਲ ਨਗਰ ਤੇ ਕੋਟ ਕਿਸ਼ਨ ਚੰਦ ਆਦਿ ਖੇਤਰਾਂ ਨਾਲ ਸਬੰਧਤ ਹਨ। ਲਗਾਤਰ ਵਧ ਰਹੇ ਕੋਰੋਨਾ ਕੇਸਾਂ ਕਾਰਨ ਲੋਕਾਂ ਵਿਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਜਿਲ੍ਹਾ ਤਰਨਤਾਰਨ ਵਿਚ ਇਕ ਨਵਾਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਕਿਸੇ ਨਿੱਜੀ ਹਸਪਤਾਲ ਵਿਚ ਕੰਮ ਕਰਦਾ ਹੈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਤਰਨਤਾਰਨ ਵਿਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਉਕਤ ਮਰੀਜ਼ ਦੀ ਪਛਾਣ ਭਿਖੀਵਿੰਡ ਨਿਵਾਸੀ 39 ਸਾਲਾ ਨੌਜਵਾਨ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਗਲਾ ਖਰਾਬ ਸੀ। ਉਸ ਨੇ ਖੁਦ ਹੀ ਸਰਕਾਰੀ ਹਸਪਤਾਲ ਤੋਂ ਕੋਰੋਨਾ ਦਾ ਟੈਸਟ ਕਰਵਾਇਆ ਤੇ ਅੱਜ ਰਿਪੋਰਟ ਪਾਜੀਟਿਵ ਪਾਈ ਗਈ। ਹੁਣ ਹਸਪਤਾਲ ਵਿਚ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਹਸਪਤਾਲ ਦੇ ਬਾਕੀ ਸਟਾਫ ਮੈਂਬਰਾਂ ਤੇ ਪੀੜਤ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲਏ ਜਾਣਗੇ। ਫਿਲਹਾਲ ਤਰਨਤਾਰਨ ਵਿਚ ਕੋਰੋਨਾ ਦੇ 5 ਐਕਟਿਵ ਕੇਸ ਹਨ।
ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੇਂ ਦਿਸ਼ਾ-ਨਿਰਦੇਸ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਜਨਤਕ ਛੁੱਟੀ ਤੇ ਐਤਵਾਰ ਵਾਲੇ ਦਿਨ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਤਾਂ ਜੋ ਕੋਰੋਨਾ ਮਹਾਮਾਰੀ ਦੀ ਵਧਦੀ ਲਾਗ ਨੂੰ ਠੱਲ੍ਹ ਪਾਈ ਜਾ ਸਕੇ। ਪੰਜਾਬ ਵਿਚ ਕੋਰੋਨਾ ਨਾਲ ਹੁਣ ਤਕ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਰੋਜ਼ਾਨਾ ਇਸ ਦੇ ਕੇਸ ਵਧਦੇ ਜਾ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ।