Corona freed Hoshiarpur : ਜਿਲ੍ਹਾ ਹੁਸ਼ਿਆਰਪੁਰ ਤੇ ਮੁਕਤਸਰ ਵਿਚ ਕੁਝ ਦਿਨਾਂ ਬਾਅਦ ਕੋਰੋਨਾ ਨੇ ਦੁਬਾਰਾ ਤੋਂ ਦਸਤਕ ਦੇ ਦਿੱਤੀ ਹੈ। ਹੁਸ਼ਿਆਰਪੁਰ ਇਕ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਉਕਤ ਔਰਤ ਕੁਝ ਦਿਨ ਪਹਿਲਾਂ ਹੀ ਇਲਾਹਾਬਾਦ ਤੋਂ ਵਾਪਸ ਆਈ ਹੈ ਤੇ ਉਹ ਟੈਗੋਰ ਨਗਰ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ 80 ਸਾਲਾ ਬਜ਼ੁਰਗ ਦੀ ਰਿਪੋਰਟ ਵੀ ਪਾਜੀਟਿਵ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 151 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਮੁਕਤਸਰ ਵੀ ਜਿਹੜਾ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਇਆ ਸੀ, ਵਿਖੇ ਅੱਜ 6 ਨਵੇਂ ਕੇਸ ਸਾਹਮਣੇ ਆਏ ਹਨ ਇਨ੍ਹਾਂ ਵਿਚ 2 ਪੁਰਸ਼, 2 ਔਰਤਾਂ ਤੇ 2 ਬੱਚੇ ਹਨ। ਜਾਣਕਾਰੀ ਸਿਵਲ ਸਰਜਨ ਡਾ. ਹਰੀ ਨਾਰਾਇਣ ਵਲੋਂ ਦਿੱਤੀ ਗਈ ਹੈ। ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਕੇਸ ਵਧਦੇ ਜਾ ਰਹੇ ਹਨ।
ਮੁਕਤਸਰ ਤੋਂ ਜਿਹੜੇ ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹੈ ਉਨ੍ਹਾਂ ਵਿਚੋਂ ਦੋ ਦੁੱਧ ਦਾ ਕੰਮ ਕਰਦੇ ਹਨ। ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਉਕਤ ਵਿਅਕਤੀ ਦੇ ਸੰਪਰਕ ਵਿਚ ਆਏ ਹਨ ਤਾਂ ਜੋ ਉਨ੍ਹਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਜਾ ਸਕੇ ਤੇ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਦੁਬਾਰਾ ਤੋਂ ਪਾਜੀਟਿਵ ਕੇਸ ਆਉਣ ਨਾਲ ਜਿਲ੍ਹਾ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ ਕਿਉਂਕਿ ਅਜੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਇਆ ਸੀ। ਇਥੇ ਪਹਿਲਾਂ ਸਿਰਫ ਇਕ ਹੀ ਮਰੀਜ਼ ਨੂੰ ਆਈਸੋਲੇਟ ਕੀਤਾ ਗਿਆ ਸੀ ਤੇ ਉਸ ਨੂੰ ਵੀ ਸਿਹਤਯਾਬ ਹੋਣ ਤੋਂ ਬਾਅਦ ਅੱਜ ਛੁੱਟੀ ਮਿਲ ਜਾਣੀ ਸੀ ਪਰ ਅੱਜ ਦੁਬਾਰਾ ਤੋਂ ਕੇਸ ਆਉਣ ਨਾਲ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 8921 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 7266 ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤਕ ਕੋਰੋਨਾ ਨਾਲ ਹੁਸ਼ਿਆਰਪੁਰ ਵਿਚ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਮੌਜੂਦਾ ਸਮੇਂ ਵਿਚ ਐਕਟਿਵ ਕੇਸਾਂ ਦੀ ਗਿਣਤੀ 14 ਹੈ। ਸਿਹਤ ਵਿਭਾਗ ਵਲੋਂ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਲੋਕ ਆਪਣੇ ਆਪ ਨੂੰ ਆਈਸੋਲੇਟ ਹੋਣ ਦੇ ਡਰ ਤੋਂ ਪੂਰੀ ਜਾਣਕਾਰੀ ਪ੍ਰਸ਼ਾਸਨ ਨੂੰ ਨਹੀਂ ਦੇ ਰਹੇ ਜੋ ਕਿ ਗਲਤ ਹੈ। ਹੁਸ਼ਿਆਰਪੁਰ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ।