Corona Positive reported : ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਦਿਨੋ-ਦਿਨ ਵਧ ਰਿਹਾ ਹੈ। ਅੱਜ ਜਿਲ੍ਹਾ ਹੁਸ਼ਿਆਰਪੁਰ ਵਿਖੇ ਕੋਰੋਨਾ ਕਾਰਨ 70 ਸਾਲਾ ਬਜ਼ੁਰਗ ਦੀ ਜਾਨ ਚਲੀ ਗਈ। ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 255 ਤਕ ਪੁੱਜ ਗਈ ਹੈ। ਹੁਣ ਤਕ ਹੁਸ਼ਿਆਰਪੁਰ ਵਿਚ ਕੋਰੋਨਾ ਕਾਰਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਸੂਹਾ ਵਿਖੇ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਮ੍ਰਿਤਕ ਦੀ ਪਛਾਣ ਰਘਵੀਰ ਸਿੰਘ ਪੁੱਤਰ ਰਾਜ ਮੱਲ ਵਾਸੀ ਕ੍ਰਿਪਾਲ ਕਾਲੋਨੀ ਨੇੜੇ ਗਊਸ਼ਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਪਹਿਲਾਂ ਤੋਂ ਹੀ ਦਿਲ ਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ।
ਮ੍ਰਿਤਕ ਦਾ ਇਲਾਜ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਇਹ ਜਾਣਕਾਰੀ ਸਿਵਲ ਹਸਪਤਾਲ ਦੇ SMO ਡਾ. ਦਵਿੰਦਰ ਪੁਰੀ ਨੇ ਦਿੱਤੀ। ਮੌਤ ਤੋਂ ਬਾਅਦ ਉਸ ਨੂੰ ਜਲੰਧਰ ਤੋਂ ਦਸੂਹਾ ਵਿਖੇ ਲਿਆਂਦਾ ਗਿਆ ਜਿਥੇ ਸਿਹਤ ਵਿਭਾਗ ਦੀ ਟੀਮ ਵਲੋਂ ਉਕਤ ਵਿਅਕਤੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਰੈਪਿਡ ਰਿਸਪਾਂਸ ਦੀ ਟੀਮ ਮਨਜੀਤ ਸਿੰਘ, ਫਾਰਮਾਸਿਸਟ ਗੌਰਵ ਤੇ ਹੋਰ ਡਾਕਟਰਾਂ ਦੀ ਟੀਮ ਮੌਕੇ ‘ਤੇ ਮੌਜੂਦ ਸੀ। ਪਰਿਵਾਰਕ ਮੈਂਬਰਾਂ ਨੂੰ ਸਸਕਾਰ ਮੌਕੇ ਦੂਰ ਹੀ ਰੱਖਿਆ ਗਿਆ ਤੇ ਪ੍ਰਸ਼ਾਸਨਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਅਕਤੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਲ ਕੋਰੋਨਾਵਾਇਰਸ ਦੇ 348 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9442 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ 9 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 239 ਤਕ ਜਾ ਪੁੱਜੀ ਹੈ।