D. C. Malikpur office : ਮਲਿਕਪੁਰ ਡੀ. ਸੀ. ਆਫਿਸ ਵਿੱਚ 8 ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਸਾਵਧਾਨ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਤਾਲੇ ਲਗਾ ਕੇ ਦਫਤਰ ਬੰਦ ਕਰ ਦਿੱਤੇ ਗਏ ਤਾਂ ਜੋ ਕੋਈ ਬਾਹਰੀ ਵਿਅਕਤੀ ਗਲਤੀ ਨਾਲ ਅੰਦਰ ਦਾਖਲ ਨਾ ਹੋ ਸਕੇ। ਇਸ ਲਈ ਮੁੱਖ ਰਸਤਿਆਂ ਨੂੰ ਛੱਡ ਕੇ ਸਾਰੇ ਵਾਧੂ ਦਰਵਾਜ਼ਿਆਂ ਤੋਂ ਪ੍ਰਵੇਸ਼ ਨਹੀਂ ਹੋ ਸਕੇਗਾ। ਇਥੇ ਅਗਲੇ ਹੁਕਮਾਂ ਤੱਕ ਦਰਵਾਜ਼ਾ ਬੰਦ ਰਹਿਣ ਦੀ ਹਦਾਇਤ ਲਿਖੇ ਪੋਸਟਰ ਚਿਪਕਾਏ ਗਏ ਹਨ। ਦਫਤਰ ਦੇ ਮੁੱਖ ਗੇਟ ‘ਤੇ ਬਾਕਾਇਦਾ ਤੌਰ ‘ਤੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਜਿਹੇ ‘ਚ ਆਮ ਲੋਕ ਹੁਣ ਆਫਿਸ ਵਿੱਚ ਨਹੀਂ ਆ ਸਕਣਗੇ।
ਹੁਣ ਦਫਤਰ ਸਟਾਫ ‘ਚ 30 ਸਤੰਬਰ ਤਕ ਸਿਰਫ 50 ਫੀਸਦੀ ਸਟਾਫ ਡਿਊਟੀ ਨਿਭਾਏਗਾ। ਇਸ ਲਈ ਪ੍ਰਸ਼ਾਸਨ ਨੇ ਸਟਾਫ ਨੂੰ ਹੁਕਮ ਦੇ ਦਿੱਤੇ ਹਨ। ਮੁਲਾਜ਼ਮਾਂ ਦੀ ਗਿਣਤੀ ਵੱਧ ਨਾ ਹੋਵੇ, ਇਸ ਲਈ ਰੋਸਟਲ ਬਣੇਗਾ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਮੁਲਾਜ਼ਮਾਂ ਨੂੰ ਖਾਸ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਬਿਨਾਂ ਮਾਸਕ ਤੋਂ ਘਰੋਂ ਬਾਹਰ ਨਾ ਜਾਣ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ।
ਕੋਵਿਡ-19 ਕਾਰਨ ਦਫਤਰ ਨਾਲ ਸਬੰਧਤ ਸਾਰੇ ਕੰਮ ਆਨਲਾਈਨ ਕੀਤੇ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤਕ ਦਫਤਰ ‘ਚ ਆਮ ਲੋਕਾਂ ਦੇ ਆਉਣ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਹੋਵੇਗੀ। ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਜਿਲ੍ਹਾ ਅਧਿਕਾਰੀ ਦਫਤਰ ਦੀ ਈ-ਮੇਲ ਆਈ. ਡੀ. ‘ਤੇ ਸ਼ਿਕਾਇਤ ਭੇਜ ਸਕਦਾ ਹੈ। ਬਿਲਡਿੰਗ ਨੂੰ ਵੀ ਸੈਨੇਟਾਈਜ ਕਰਵਾਇਆ ਜਾ ਰਿਹਾ ਹੈ। ਕੋਵਿਡ-19 ਤੋਂ ਬਚਾਅ ਲਈ ਸਾਰਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਉਹ ਇਸ ਦੀ ਚਪੇਟ ‘ਚ ਨਾ ਆ ਸਕਣ। ਮੰਗਲਵਾਰ ਨੂੰ ਡੀ. ਸੀ. ਆਫਿਸ ਦੇ 8 ਮੁਲਾਜ਼ਮ ਪਾਜੀਟਿਵ ਪਾਏ ਗਏ ਸਨ ਜਦੋਂ ਕਿ ਪਹਿਲਾਂ ਵੀ ਇਥੇ ਕੇਸ ਆ ਚੁੱਕੇ ਹਨ। ਜਿਲ੍ਹਾ ਪ੍ਰਸ਼ਾਸਨ ਮੁਤਾਬਕ ਕੋਵਿਡ ਦੀਆਂ ਸਾਰੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।