Dates announced by : ਸਿੱਖਿਆ ਵਿਭਾਗ ਵਲੋਂ ਹਰ ਸਾਲ ਅਧਿਆਪਕ ਦਿਵਸ ‘ਤੇ ਸੂਬੇ ਦੇ ਵੱਖ-ਵੱਖ ਰਾਜਾਂ ‘ਚੋਂ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਦੇ ਪੁਰਸਕਾਰਾਂ ਲਈ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਅਤੇ ਇਸ ਦੇ ਦੂਜੇ ਪੜਾਅ ਤਹਿਤ ਵਿਭਾਗ ਦੇ ਮਾਹਿਰਾਂ ਵੱਲੋਂ ਦਾਅਵੇਦਾਰ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ ਲਈ ਸਿੱਖਿਆ ਵਿਭਾਗ ਵਲੋਂ ਡਿਜੀਟਲ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਅਧਿਆਪਕਾਂ ਵਲੋਂ ਵੀ ਆਪਣੀਆਂ ਪ੍ਰਾਪਤੀਆਂ ਲੇਖਾ-ਜੋਖਾ ਡਿਜ਼ੀਟਲ (ਪੀਪੀਟੀ) ਤਰੀਕੇ ਨਾਲ ਮਾਹਿਰਾਂ ਅੱਗੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ. ਸਿੱ. ਤੇ ਐ.ਸਿੱ.) ਨੂੰ ਇਸ ਪ੍ਰਕ੍ਰਿਆ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਅਧਿਆਪਕਾਂ ਲਈ ਰਾਜ ਪੁਰਸਕਾਰਾਂ ਦੇ ਪ੍ਰੋਗਰਾਮ ਦਾ ਆਯੋਜਨ ਕੋਵਿਡ-19 ਦੇ ਸਾਰੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੂੰ ਵਿਭਾਗ ਵੱਲੋਂ ਸਬੰਧਿਤ ਉਮੀਦਵਾਰਾਂ ਨੂੰ ਐੱਮ.ਆਈ.ਐੱਸ.ਵਿੰਗ ਦੇ ਕੋਆਰਡੀਨੇਟਰਜ਼ ਦੀ ਸਹਾਇਤਾ ਅਤੇ ਹੋਰ ਜ਼ਰੂਰੀ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ| ਇੱਕ ਸਮੇਂ ‘ਤੇ ਸਿਰਫ਼ ਇੱਕ ਉਮੀਦਵਾਰ ਹੀ ਆਪਣੀ ਪੇਸ਼ਕਾਰੀ ਦੇਵੇਗਾ| ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਇਸ ਪ੍ਰਕ੍ਰਿਆ ਨੂੰ ਕੋਵਿਡ-19 ਦੇ ਸੁਰੱਖਿਆ ਨਿਯਮਾਂ ਜਿਵੇਂ ਸੈਨੀਟਾਈਜ਼ੇਸ਼ਨ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਆਦਿ ਦੀ ਪਾਲਣਾ ਕਰਕੇ, ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਹੈ| ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ਕਾਰੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਹਰ ਰੋਜ਼ ਸਵੇਰੇ 10 ਵਜੇ ਤੋਂ ਹਰੇਕ ਜਿਲ੍ਹੇ ‘ਚ ਸਥਾਪਤ ਵਿਭਾਗ ਦੇ ਐਮ.ਆਈ.ਐਸ. ਕੇਂਦਰਾਂ ਰਾਹੀਂ ਚਲਾਈ ਜਾਵੇਗੀ|
ਵਿਭਾਗ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਿਆਂ ਤੋਂ ਸਟੇਟ ਐਵਾਰਡ ਸਬੰਧੀ ਪ੍ਰਾਪਤ ਹੋਈਆਂ ਕੁੱਲ 201 ਨਾਮਜ਼ਦਗੀਆਂ ਦਾ ਮੁਲਾਂਕਣ ਵੀਡੀਓ ਕਾਨਫਰੰਸਿੰਗ ਰਾਹੀਂ 21 ਤੋਂ 27 ਅਗਸਤ ਤੱਕ ਕੀਤਾ ਜਾਣਾ ਹੈ| ਜਿਸ ਤਹਿਤ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਜਿਲ੍ਹਿਆਂ ਦੇ ਕੁੱਲ 42 ਉਮੀਦਵਾਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ਕਾਰੀ ਦਾ ਮੁਲਾਂਕਣ 21 ਅਗਸਤ ਨੂੰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ 37 ਉਮੀਦਵਾਰਾਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ 24 ਅਗਸਤ ਨੂੰ, ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਮਾਨਸਾ ਜਿਲ੍ਹਿਆਂ ਦੇ 46 ਉਮੀਦਵਾਰਾਂ ਦਾ ਮੁਲਾਂਕਣ 25 ਅਗਸਤ ਨੂੰ, ਮੋਗਾ, ਮੁਕਤਸਰ, ਪਠਾਨਕੋਟ, ਪਟਿਆਲਾ ਅਤੇ ਰੂਪਨਗਰ ਜਿਲ੍ਹਿਆਂ ਦੇ 39 ਉਮੀਦਵਾਰਾਂ ਦੀਆਂ ਪੇਸ਼ਕਾਰੀਆਂ ਦਾ 26 ਅਗਸਤ ਨੂੰ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਜਿਲ੍ਹਿਆਂ ਦੇ 37 ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ 27 ਅਗਸਤ ਨੂੰ ਮੁਲਾਂਕਣ ਹੋਵੇਗਾ|