Death of a pregnant : ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿਚ ਇਕ ਗਰਭਵਤੀ ਔਰਤ 6 ਘੰਟੇ ਤਕ ਪ੍ਰਸੁਤਾ ਦਰਦ ਵਿਚ ਤੜਫਦੀ ਰਹੀ ਪਰ ਉਸ ਨੂੰ ਇਲਾਜ ਨਹੀਂ ਮਿਲਿਆ। ਗਾਇਨੀ ਵਿਭਾਗ ਦੇ ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਕਰਕੇ ਗਰਭਵਤੀ ਔਰਤ ਅਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪਿੰਡ ਚੱਬਾ ਨਿਵਾਸੀ ਹੀਰਾ ਸਿੰਘ ਮੁਤਾਬਕ ਉਸਦੀ ਭੈਣ ਦਲਜੀਤ ਕੌਰ 9 ਮਹੀਨੇ ਦੀ ਗਰਭਵਤੀ ਸੀ। ਉਹ 9 ਮਹੀਨੇ ਤੋਂ ਹਸਪਤਾਲ ਵਿਚ ਹੀ ਆਪਣਾ ਚੈੱਕਅੱਪ ਕਰਵਾਉਂਦੀ ਰਹੀ।
ਸੋਮਵਾਰ ਨੂੰ ਲਗਭਗ 1 ਵਜੇ ਉਸ ਨੂੰ ਲੈ ਕੇ ਸਿਵਲ ਹਸਪਤਾਲ ਦੀ ਗਾਇਨੀ ਓ. ਪੀ. ਡੀ ‘ਚ ਪੁੱਜੇ ਅਤੇ ਡਾਕਟਰ ਨੂੰ ਦੇਖਣ ਨੂੰ ਕਿਹਾ ਤਾਂ ਡਾਕਟਰ ਨੇ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਉਸ ਦਾ ਦਰਦ ਵਧ ਗਿਆ ਤਾਂ ਉਹ ਬੈਂਚ ‘ਤੇ ਹੀ ਲੇਟ ਗਈ। ਉਸ ਨੇ ਦੋਸ਼ ਲਗਾਇਆ ਕਿ ਭੈਣ ਦੇ ਦਰਦ ਨੂੰ ਦੇਖ ਕੇਉਹ ਨਰਸਿੰਗ ਸਟਾਫ ਸਮੇਤ ਗਾਇਨੀ ਡਾਕਟਰਾਂ ਤੋਂ ਵਾਰ-ਵਾਰ ਉਸ ਨੂੰ ਦੇਖਣ ਦੀਆਂ ਮਿੰਨਤਾਂ ਕਰਦਾ ਰਿਹਾ ਪਰ ਡਾਕਟਰਾਂ ਨੇ ਉਸ ਨੂੰ ਹੱਥ ਤਕ ਨਹੀਂ ਲਗਾਇਆ। ਸ਼ਾਮ 6.30 ਵਜੇ ਭੈਣ ਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ।
ਹੀਰਾ ਸਿੰਘ ਮੁਤਾਬਕ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਉਸਦੀ 21 ਸਾਲਾ ਭੈਣ ਅਤੇ ਉਸ ਦੇ ਬੱਚੇ ਦੀ ਜਾਨ ਚਲੀ ਗਈ। ਦੇਰ ਰਾਤ ਤਕ ਉਸ ਦੀ ਲਾਸ਼ ਵੀ ਹਸਪਤਾਲ ਵਿਚ ਪਈਰਹੀ ਪਰ ਹਸਪਤਾਲ ਵਲੋਂ ਉਸ ਦੀ ਮ੍ਰਿਤਕ ਦੇਹ ਨੂੰ ਮੋਰਚਰੀ ਤਕ ਵੀ ਨਹੀਂ ਰਖਵਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਡਾਕਟਰਾਂ ਖਿਲਾਫ ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰੇ। ਹਸਪਤਾਲ ਦੇ SMO ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।