Death of Home Guard : ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਲ ਅੰਮ੍ਰਿਤਸਰ ਵਿਖੇ ਤਿੰਨ ਮੌਤਾਂ ਕੋਰੋਨਾ ਨਾਲ ਹੋਈਆਂ। ਅੱਜ ਅੰਮ੍ਰਿਤਸਰ ਵਿੱਚ ਡਿਊਟੀ ਨਿਭਾ ਰਹੇ ਹੋਮ ਗਾਰਡ ਜਵਾਨ ਦੀ ਵੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਵਾਨ ਲੌਕਡਾਊਨ ਦੌਰਾਨ ਪੁਲਿਸ ਗੇਟ ਹਕੀਮਾਂ ਦੀ ਪੁਲਿਸ ਨਾਲ ਡਿਊਟੀ ਨਿਭਾ ਰਿਹਾ ਸੀ। ਡਿਊਟੀ ਦੌਰਾਨ ਹੀ ਨਿਰਮਲ ਸਿੰਘ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਦੇ ਇਲਾਜ ਦੌਰਾਨ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ।
ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਕੇਸ ਅੰਮ੍ਰਿਤਸਰ ਦੇ ਹਨ। ਹੁਣ ਤੱਕ ਸੂਬੇ ਵਿਚ ਵਿਚ ਕੋਰੋਨਾ ਦੇ 3300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਜ਼ਿਲੇ ਤੋਂ 644 ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਲੰਧਰ ’ਚ ਕੋਰੋਨਾ ਦੇ 387, ਲੁਧਿਆਣਾ ’ਚ 396, ਤਰਨਤਾਰਨ ’ਚ 176, ਮੋਹਾਲੀ ’ਚ 175, ਹੁਸ਼ਿਆਰਪੁਰ ’ਚ 142, ਪਟਿਆਲਾ ’ਚ 171, ਸੰਗਰੂਰ ’ਚ 158, ਨਵਾਂਸ਼ਹਿਰ ’ਚ 123, ਗੁਰਦਾਸਪੁਰ ’ਚ 170, ਮੁਕਤਸਰ ’ਚ 73, ਮੋਗਾ ’ਚ 71, ਫਰੀਦਕੋਟ ’ਚ 87, ਫਿਰੋਜ਼ਪੁਰ ’ਚ 51, ਫਾਜ਼ਿਲਕਾ ’ਚ 50, ਬਠਿੰਡਾ ’ਚ 57, ਪਠਾਨਕੋਟ ’ਚ 145, ਬਰਨਾਲਾ ’ਚ 31, ਮਾਨਸਾ ’ਚ 34, ਫਤਿਹਗੜ੍ਹ ਸਾਹਿਬ ’ਚ 77, ਕਪੂਰਥਲਾ 44 ਤੇ ਰੋਪੜ ’ਚ 80 ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਕੋਰੋਨਾ ਨਾਲ ਸੂਬੇ ਵਿਚ 82 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਨਾਲ ਹੀ ਅੰਕੜਿਆਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਰਿਕਵਰੀ ਰੇਟ ਸਾਰੇ ਸੂਬਿਆਂ ਨਾਲੋਂ ਵੱਧ ਹੈ ਜਿਥੇ ਹੁਣ ਤੱਕ 2534 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਹੁਣ ਇਸ ਦੇ ਐਕਟਿਵ ਕੇਸ 733 ਹਨ।