Decision of Rail : ਚੰਡੀਗੜ੍ਹ : ਪੰਜਾਬ ‘ਚ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਦਾ ਗੁੱਸਾ ਵੱਧ ਗਿਆ ਹੈ। ਕਿਸਾਨ ਸੰਗਠਨਾਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹ 24 ਤੇ 26 ਸਤੰਬਰ ਤੱਕ ਰੇਲ ਚੱਕਾ ਜਾਮ ਕਰਨਗੇ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨੇ ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਨਾਗਰਾ ਨੇ ਕਿਹਾ ਕਿ ਉਹ ਇਸ ਕਾਲੇ ਦਿਨ ਦਾ ਸਾਕਸ਼ੀ ਨਹੀਂ ਬਣਨਾ ਚਾਹੁੰਦੇ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਦੇ ਰੂਪ ‘ਚ ਉਹ ਇਹ ਸਹਿਣ ਨਹੀਂ ਕਰ ਸਕਦੇ ਕਿ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਤੇ ਅਸੀਂ ਚੁੱਪ ਬੈਠੇ ਰਹੇ। ਇਸ ਲਈ ਮੈਂ ਕਿਸਾਨਾਂ ਦੇ ਸਮਰਥਨ ‘ਚ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੁਲਜੀਤ ਨਾਗਰਾ ਰਾਹੁਲ ਗਾਂਧੀ ਦੀ ਯੂਥ ਬ੍ਰਿਗੇਡ ਦੇ ਮੈਂਬਰ ਮੰਨੇ ਜਾਂਦੇ ਹਨ ਅਤੇ ਲਗਾਤਾਰ ਦੂਜੀ ਵਾਰ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਣੇ ਹਨ। 2012 ‘ਚ ਰਾਹੁਲ ਗਾਂਧੀ ਦੇ ਕੋਟੇ ਤੋਂ ਜਿਹੜੇ ਨੌਜਵਾਨਾਂ ਨੂੰ ਟਿਕਟ ਮਿਲਿਆ ਸੀ ਉਨ੍ਹਾਂ ‘ਚ ਕੁਲਜੀਤ ਨਾਗਰਾ ਦਾ ਵੀ ਨਾਂ ਵੀ ਸੀ। ਨਾਗਰਾ ਜੋ ਪੰਜਾਬ ਯੂਨੀਵਰਿਸਟੀ ਦੇ ਵਿਦਿਆਰਥੀ ਨੇਤਾ ਵੀ ਰਹੇ ਹਨ, ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਨੇ ਅਸਤੀਫਾ ਕਿਸੇ ਦਬਾਅ ‘ਚ ਆ ਕੇ ਨਹੀਂ ਦਿੱਤਾ ਹੈ। ਹਾਲ ਹੀ ‘ਚ ਕਾਂਗਰਸ ਪਾਰਟੀ ਨੇ ਰਾਸ਼ਟਰੀ ਪੱਧਰ ‘ਤੇ ਜੋ ਫੇਰਬਦਲ ਕੀਤਾ ਸੀ ਉਸ ‘ਚ ਪੰਜਾਬ ਤੋਂ ਸਿਰਫ ਨਾਗਰਾ ਨੂੰ ਹੀ ਲਿਆ ਗਿਆ ਸੀ। ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 24 ਸਤੰਬਰ ਤੋਂ 26 ਸਤੰਬਰ ਤਕ 48 ਘੰਟਿਆਂ ਲਈ ਸੂਬੇ ਭਰ ‘ਚ ਰੇਲ ਰੋਕਣ ਦਾ ਫੈਸਲਾ ਕੀਤਾ ਹੈ। ਦੇਸ਼ ਦੀਆਂ 250 ਕਿਸਾਨ ਮਜ਼ਦੂਰ ਜਥੇਬੰਦੀਆਂ ‘ਤੇ ਆਧਾਰਿਤ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ‘ਤੇ 25 ਸਤੰਬਰ ਨੂੰ ਪੰਜਾਬ ਬੰਦ ਦੀ ਕਾਲ ਵੀ ਕੀਤੀ ਗਈ।
20 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਤੇ ਪਟਿਆਲਾ ‘ਚ ਚੱਲ ਰਹੇ ਧਰਨੇ ‘ਚ ਜਥੇ ਭੇਜਣ ਦਾ ਵੀ ਫੈਸਲਾ ਲਿਆ ਗਿਆ। ਕਿਸਾਨਾਂ ਨੇ ਵੀਰਵਾਰ ਨੂੰ ਪਟਿਆਲਾ ‘ਚ ਪਾਵਰਕਾਮ ਦਫਤਰ ਦੇ ਬਾਹਰ ਧਰਨਾ ਦਿੱਤਾ। ਮਾਲ ਰੋਡ ‘ਤੇ ਵੀ ਇੱਕ ਘੰਟੇ ਤਕ ਜਾਮ ਲਗਾਇਆ ਗਿਆ। ਅੰਮ੍ਰਿਤਸਰ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਲ ਭਰੋ ਅੰਦੋਲਨ ਸੂਬੇ ਭਰ ਦੇ ਡੀ. ਸੀ. ਦਫਤਰ ‘ਚ ਬਾਹਰ ਚੱਲ ਹੀ ਰਿਹਾ ਹੈ। ਅੰਦੋਲਨ 1 ਅਕਤੂਬਰ ਤਕ ਜਾਰੀ ਰਹੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਸ਼ਾਂਤਕੁਮਾਰ ਕਮੇਟੀ ਦੇ ਪ੍ਰਸਤਾਵਾਂ ਨੂੰ ਰੱਦ ਕੀਤਾ ਜਾਵੇ।