Deliberate collision due : ਤਪਾ ਮੰਡੀ : ਬਰਨਾਲਾ-ਬਠਿੰਡਾ ਹਾਈਵੇ ‘ਤੇ ਪਿੰਡ ਘੁੰਨਸਾਂ ਨੇੜੇ ਸ਼ਰਾਬ ਠੇਕੇਦਾਰਾਂ ਦੀ ਬਲੈਰੋ ਗੱਡੀ ‘ਚ ਸਵਿਫਟ ਕਾਰ ਨੇ ਜਾਣਬੁਝ ਕੇ ਭਿਆਨਕ ਟੱਕਰ ਮਾਰ ਦਿੱਤੀ। ਇਹ ਜਾਣਕਾਰੀ ਸ਼ਰਾਬ ਦੇ ਠੇਕੇਦਾਰ ਤੇਜਿੰਦਰ ਸਿੰਘ ਮਹਿਤਾ ਨੇ ਦਿੱਤੀ। ਘਟਨਾ ਦੇ ਚਸ਼ਮਦੀਦ ਤੇਜਿੰਦਰ ਸਿੰਘ ਨੇ ਦੱਸਿਆ ਕਿ ਕਲ ਰਾਤ ਲਗਭਗ 11.30 ਵਜੇ ਜਦੋਂ ਉਹ ਬਠਿੰਡਾ-ਬਰਨਾਲਾ ਹਾਈਵੇ ‘ਤੇ ਪਿੰਡ ਘੁੰਨਸਾਂ ਕੋਲ ਖੜ੍ਹੇ ਸੀ ਤਾਂ ਬਰਨਾਲੇ ਤੋਂ ਆ ਰਹੀ ਸ਼ਰਾਬ ਨਾਲ ਭਰੀ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਵਿਚ ਜਾਣਬੁਝ ਕੇ ਟੱਕਰ ਮਾਰ ਦਿੱਤੀ।
ਜਾਣਕਾਰੀ ਦਿੰਦਿਆਂ ਤੇਜਿੰਦਰ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਪਹਿਲਾਂ ਤਾਂ ਉਨ੍ਹਾਂ ਨੇ ਕਾਰ ਸਵਾਰ ਸੇਵਕ ਸਿੰਘ ‘ਤੇ ਗੱਡੀ ਚੜ੍ਹਾ ਦਿੱਤੀ ਤੇ ਉਸ ਨੂੰ ਬਹੁਤ ਦੂਰ ਤਕ ਘੜੀਸਦੇ ਲੈ ਕੇ ਚਲੇ ਗਏ ਜਿਸ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉਸ ਨੇ ਦੱਸਿਆ ਕਿ ਸੇਵਕ ਸਿੰਘ ਦੇ ਸਾਥੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਜੋ ਜੇਰੇ ਇਲਾਜ ਹੈ। ਗੰਭੀਰ ਦੋਸ਼ ਲਗਾਉਂਦੇ ਹੋਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਟੱਕਰ ਜਾਣਬੁਝ ਕੇ ਮਾਰੀ ਗਈ ਹੈ ਤੇ ਉਸ ਦੇ ਸਾਥੀ ਨੂੰ ਵੀ ਜਾਣਬੁਝ ਕੇ ਮਾਰਿਆ ਗਿਆ ਹੈ ਕਿਉਂਕਿ ਉਸ ਮੁਤਾਬਕ ਕਾਰ ਵਿਚ ਹਰਿਆਣਾ ਮਾਰਕ ਸ਼ਰਾਬ ਬਹੁਤ ਵੱਡੇ ਪੱਧਰ ‘ਤੇ ਤਪਾ ਮੰਡੀ ਵਿਚ ਸਪਲਾਈ ਹੁੰਦੀ ਸੀ ਜਿਸ ਦਾ ਪਹਿਲਾਂ ਵੀ ਸੇਵਕ ਸਿੰਘ ਦੇ ਉਸ ਦੇ ਸਾਥੀਆਂ ਵਲੋਂ ਵਿਰੋਧ ਕੀਤਾ ਗਿਆ ਸੀ। ਜਦੋਂ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਏ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਆਪਣਾ ਬਦਲਾ ਲਿਆ।
ਦੂਜੇ ਸਾਥੀਆਂ ਵਲੋਂ ਰੌਲਾ ਪਾਉਣ ‘ਤੇ ਇਕ ਨੌਜਵਾਨ ਤਾਂ ਮੌਕੇ ਤੋਂ ਭੱਜ ਗਿਆ ਜਦਕਿ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਵਿਫਟ ਕਾਰ ਚਲਾਉਣ ਵਾਲੇ ਰਵੀ ਕੁਮਾਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਜਦੋਂ ਕਿ ਉਸ ਦਾ ਦੂਜਾ ਸਾਥੀ ਅਜੇ ਫਰਾਰ ਹੈ। ਕਾਰ ਚਾਲਕ ਰਵੀ ਕੁਮਾਰ ਦੇ ਕੁਝ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਪਹਿਲਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਤੋਂ ਪੁੱਛਗਿਛ ਤੋਂ ਬਾਅਦ ਸਵਿਫਟ ਕਾਰ ਚਾਲਕ ਰਵੀ ਕੁਮਾਰ ਨੇ ਦੱਸਿਆ ਕਿ ਉਹ ਦੂਜੀ ਵਾਰ ਇਸ ਇਲਾਕੇ ਵਿਚ ਸ਼ਰਾਬ ਲੈ ਕੇ ਆਇਆ ਸੀ। ਪੁਲਿਸ ਵਲੋਂ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।