Demonstration by BJP :ਪੰਜਾਬ ਵਿਚ ਵਧ ਰਹੇ ਨਸ਼ਿਆਂ ਖਿਲਾਫ ਵੀਰਵਾਰ ਨੂੰ ਜਲੰਧਰ ਵਿਖੇ ਭਾਜਪਾ ਜਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ‘ਤੇ ਧਰਨਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਵੀ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਸ਼੍ਰੀਮਤੀ ਮੋਨਾ ਜਾਇਸਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। 35 ਥਾਵਾਂ ‘ਤੇ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ‘ਚ ਭਾਜਪਾ ਜਿਲ੍ਹਾ ਮਹਾਮੰਤਰੀ ਮੀਨੂੰ ਸੇਠੀ, ਜਿਲ੍ਹਾ ਮਹਿਲਾ ਮੋਰਚਾ ਇੰਚਾਰਜ ਰਾਕੇਸ਼ ਸੂਦ, ਕੁਲਵੰਤ ਕੌਰ, ਅਰਚਨਾ ਜੈਨ, ਨੀਤੀ ਤਲਵਾੜ, ਸੁਨੀਤਾ ਦੁਆ, ਤ੍ਰਿਸ਼ਲਾ ਸ਼ਰਮਾ, ਨਰਿੰਦਰ ਕੌਰ, ਰੀਨਾ, ਸੁਰੇਖਾ ਬੜਜਾਤੀਆ, ਗੁਰਪ੍ਰੀਤ ਕੌਰ ਆਦਿ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਗਿਆ। ਔਰਤਾਂ ਵਲੋਂ ਕਾਲੇ ਬਿਲੇ ਲਗਾ ਕੇ ਵਿਰੋਧ ਪ੍ਰਗਟ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਲੌਕਡਾਊਨ ਦੌਰਾਨ ਪੰਜਾਬ ਵਿਚ ਨਸ਼ੇ ਦੀ ਬਹੁਤ ਜ਼ਿਆਦਾ ਵਿਕਰੀ ਹੁੰਦੀਰਹੀ ਤੇ ਕਈ ਕਾਂਗਰਸੀ ਨੇਤਾਵਾਂ ਨੇ ਮਾਫੀਆ ਨਾਲ ਮਿਲਕੇ ਕਰੋੜਾਂ ਰੁਪਏ ਤਾਂ ਕਮਾਏ ਪਰ ਨਸ਼ੇ ਦੀ ਦਲਦਲ ਤੋਂ ਬਰਬਾਦ ਹੋ ਰਹੇ ਪਰਿਵਾਰਾਂ ਦੀ ਸਾਰ ਤਕ ਨਹੀਂ ਲਈ।
ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ 121 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਸੱਤਾ ਦੇ ਨਸ਼ੇ ਵਿਚ ਡੁੱਬੇ ਹੋਏ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਸਿਰਫ ਬਿਆਨਬਾਜ਼ੀ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ। ਅਜਿਹੀ ਮੁਸ਼ਕਲ ਹਾਲਾਤਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਗੁਟਕਾ ਸਾਹਿਬ ਹੱਥ ‘ਚ ਫੜ ਕੇ ਕਸਮ ਖਾਧੀ ਸੀ ਕਿ ਉਹ 28 ਦਿਨਾਂ ਵਿਚ ਪੰਜਾਬ ‘ਚੋਂ ਨਸ਼ੇ ਨੂੰ ਖਤਮ ਕਰ ਦੇਣਗੇ।