Demonstration by parents : ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲਾਂ ਵਲੋਂ ਫੀਸ ਵਾਧੇ ਨੂੰ ਲੈ ਕੇ ਮਾਪਿਆਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਸੋਮਵਾਰ ਨੂੰ ਸੈਕਟਰ-44 ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਿਰ 50 ਤੋਂ ਵਧ ਮਾਪਿਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕ ‘ਤੇ ਦੋਸ਼ ਲਗਾਏ ਕਿ ਉਨ੍ਹਾਂ ‘ਤੇ ਫੀਸ ਦੇਣ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ। ਸਕੂਲ ਪ੍ਰਬੰਧਕ ਐਪਸ, ਮੈਸੇਜ ਤੇ ਵ੍ਹਟਸਐਪ ਗਰੁੱਪ ਵਿਚ ਮੈਸੇਜ ਕਰਕੇ ਫੀਸ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕ ਨੇ ਟਿਊਸ਼ਨ ਫੀਸ ਵਿਚ ਵੀ ਹੋਰ ਫੀਸ ਜੋੜ ਦਿੱਤੀ ਹੈ।
18 ਮਈ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਿਚ ਨਿੱਜੀ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਲੈਣ ਦਾ ਹੁਕਮ ਜਾਰੀ ਕੀਤਾ ਸੀ। ਇਸ ਹੁਕਮ ਦੇ ਜਾਰੀ ਹੁੰਦੇ ਹੀ ਕਈ ਪ੍ਰਾਈਵੇਟ ਸਕੂਲਾਂ ਨੇ ਸਪੋਰਟਸ ਫੀਸ, ਕੰਪਿਊਟਰ ਫੀਸ ਤੋਂ ਇਲਾਵਾ ਸਾਲਾਨਾ ਚਾਰਜਿਸ ਵੀ ਟਿਊਸ਼ਨ ਫੀਸ ਵਿਚ ਜੋੜ ਲਏ। ਇਸ ਕਾਰਨ ਮਾਪਿਆਂ ਵਿਚ ਸਕੂਲ ਪ੍ਰਬੰਧਕਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਜਿਥੇ ਇਕ ਪਾਸੇ ਸੇਂਟ ਜੋਸਫ ਸਕੂਲ ਨੇ ਵੱਖ-ਵਖ ਫੀਸ ਨੂੰ ਟਿਊਸ਼ਨ ਫੀਸ ਵਿਚ ਜੋੜ ਦਿੱਤਾ ਹੈ ਉਥੇ ਸਕੂਲ ਪ੍ਰਬੰਧਕ ਨੇ ਫੀਸ ਵਿਚ ਵੀ 10 ਤੋਂ 15 ਫੀਸਦੀ ਦਾ ਵਾਧਾ ਕੀਤਾ ਹੈ। ਮਾਪਿਆਂ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਜਦੋਂ ਸਕੂਲ ਪ੍ਰਬੰਧਕ ਅਤੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਵੀ ਨਹੀਂ ਚੁੱਕਿਆ।
ਮਾਪਿਆਂ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਦਾ ਬੱਚਿਆਂ ‘ਤੇ ਕੁਝ ਖਾਸ ਪ੍ਰਭਾਵ ਨਹੀਂ ਪੈ ਰਿਹਾ ਹੈ। ਕੁਝ ਬੱਚਿਆਂ ਕੋਲ ਆਨਲਾਈਨ ਕਲਾਸਾਂ ਲਗਾਉਣ ਦੀ ਸਹੂਲਤ ਨਹੀਂ ਹੈ ਤੇ ਕੁਝ ਬੱਚਿਆਂ ਨੂੰ ਸਮਝਣ ਵਿਚ ਮੁਸ਼ਕਲ ਆ ਰਹੀ ਹੈ। ਇਸ ਦੇ ਨਾਲ ਹੀ ਆਨਲਾਈਨ ਕਲਾਸਾਂ ਲੱਗਣ ਨਾਲ ਬੱਚਿਆਂ ਲਈ ਮੋਬਾਈਲ ਉਪਲਬਧ ਕਰਵਾਉਣਾ ਵੀ ਲਾਜ਼ਮੀ ਹੋ ਗਿਆ ਹੈ ਜਿਸ ਨਾਲ ਮਾਪਿਆਂ ਦੀ ਜੇਬ ਹੋਰ ਢਿੱਲੀ ਹੋ ਗਈ ਹੈ।