DGP Sumedh Saini : ਮੋਹਾਲੀ : ਸਾਬਕਾ ਆਈਏਐੱਸ ਅਧਿਕਾਰੀ ਦੇ ਪੁੱਤਰ ਨੂੰ ਅਗਵਾ/ਖੁਰਦ-ਬੁਰਦ ਤੇ ਹੱਤਿਆ ਦੇ ਦੋਸ਼ਾਂ ‘ਚ ਘਿਰੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਸ਼ੁੱਕਰਵਾਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ(ਐੱਸਆਈਟੀ) ਅੱਗੇ ਪੇਸ਼ ਹੋ ਹੀ ਗਏ। ਉਹ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਦੀ ਛਾਪੇਮਾਰੀ ਤੇ ਗ੍ਰਿਫ਼ਤਾਰੀ ਦੇ ਡਰ ਕਰਕੇ ਲੁਕ ਰਹੇ ਸੀ। ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਣੀ ਥੋੜ੍ਹਾ ਸਮਾਂ ਹੀ ਰੁਕਿਆ ਤੇ ਉਸ ਨੇ ਕੀ ਬਿਆਨ ਦਿੱਤੇ ਇਸ ਦਾ ਹਾਲੇ ਪਤਾ ਨਹੀਂ ਚੱਲ ਸਕਿਆ।
ਦੱਸ ਦਈਏ ਕਿ ਸੈਣੀ ਨੂੰ ਸੁਪਰੀਮ ਕੋਰਟ ਤੋਂ ਆਈਪੀਸੀ 302 ‘ਚ ਗ੍ਰਿਫ਼ਤਾਰੀ ਤੋਂ ਰੋਕ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਗ੍ਰਿਫ਼ਤਾਰੀ ਦੇ ਖ਼ਦਸ਼ੇ ਕਾਰਨ ਪਰ ਉਹ ਪੇਸ਼ ਹੋਣ ਦੀ ਥਾਂ ਉਹ ਦੁਬਾਰਾ ਹਾਈ ਕੋਰਟ ਦੀ ਸ਼ਰਨ ‘ਚ ਚਲਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਬਲੈਂਕਟ ਜ਼ਮਾਨਤ ਦੇ ਦਿੱਤੀ ਸੀ। 25 ਨੂੰ ਪੂਰੇ ਪੰਜਾਬ ਬੰਦ ਦੀ ਖ਼ਬਰ ਤੋਂ ਬਾਅਦ ਉਹ ਐੱਸਆਈਟੀ ਅੱਗੇ ਸਵੇਰੇ-ਸਵੇਰੇ ਪੇਸ਼ ਹੋ ਗਿਆ। ਇਹ ਵੀ ਪਤਾ ਚੱਲਿਆ ਹੈ ਕਿ ਸੈਣੀ ਅਦਾਲਤ ‘ਚ ਪੇਸ਼ ਹੋਇਆ ਪਰ ਇਸ ਬਾਰੇ ਹਾਲੇ ਕੋਈ ਅਦਾਲਤੀ ਹੁਕਮ ਜਾਰੀ ਨਹੀਂ ਹੋਇਆ।
ਸਾਬਕਾ DGP ਸੁਮੇਧ ਸਿੰਘ ਸੈਣੀ ਖਿਲਾਫ ਹੁਣ ਗਿਲਕੋ ਹਾਈਟਸ ਮੋਹਾਲੀ ਦੇ ਰਹਿਣ ਵਾਲੇ ਭਗਵਾਨ ਸਿੰਘ ਮੋਕਲ ਨੇ ਕੋਰਟ ‘ਚ 164 ਬਿਆਨ ਦਰਜ ਕਰਵਾਏ ਹਨ। ਭਗਵਾਨ ਸਿੰਘ ਨੇ ਆਪਣੇ ਬਿਆਨਾਂ ‘ਚ ਅਦਾਲਤ ਨੂੰ ਦੱਸਿਆ ਕਿ ਉਹ ਸਿੱਖ ਸਟੂਡੈਂਟ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸਨ ਜਿਸ ਕਾਰਨ ਇਸ ਸਬੰਧੀ ਉਨ੍ਹਾਂ ਨੇ ਸ਼ਿਕਾਇਤ ਨੰਬਰ 670 ਸਾਲ 2001 ‘ਚ ਰਾਸ਼ਟਰੀ ਹਿਊਮਨ ਰਾਈਟਸ ਕਮਿਸ਼ਨ ਤੇ ਪੰਜਾਬ ਰਾਜ ਅਧਿਕਾਰ ਹਿਊਮਨ ਰਾਈਟ ਕਮਿਸ਼ਨ ਨੂੰ ਦਿੱਤੀ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਸੈਣੀ ਨੇ ਉਨ੍ਹਾਂ ‘ਤੇ ਦਬਾਅ ਪਾਉਣ ਲਈ ਉਨ੍ਹਾਂ ਦਾ ਨਾਂ ਲੁਧਿਆਣਾ ਸ਼ਿੰਗਾਰ ਸਿਨੇਮਾ ਬੰਬ ਕਾਂਡ ‘ਚ ਨਾਮਜ਼ਦ ਕੀਤਾ ਸੀ ਅਤੇ ਪੁਲਿਸ ਕਸਟੱਡੀ ਦੌਰਾਨ ਉਨ੍ਹਾਂ ਨੇ ਉਕਤ ਸ਼ਿਕਾਇਤਾਂ ਅੱਗੇ ਤੋਂ ਨਾ ਕਰਨ ਲਈ ਦਬਾਅ ਬਣਾਇਆ। ਹੁਣ ਉਨ੍ਹਾਂ ਖਿਲਾਫ ਥਾਣਾ ਮਟੌਰ ‘ਚ ਮਾਮਲਾ ਦਰਜ ਹੋ ਗਿਆ ਹੈ। ਇਸ ਲਈ ਉਹ ਆਪਣੀ ਮਰਜ਼ੀ ਨਾਲ ਬਿਆਨ ਦਰਜ ਕਰਵਾ ਰਹੇ ਹਨ।