Dismissed ex-serviceman : ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼ੀ ਫੌਜ ਤੋਂ ਕੱਢਿਆ ਹੋਇਆ ਸਾਬਕਾ ਫੌਜੀ ਹੈ। ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀ ਨੇ ਦੋ ਸਾਲ ਪਹਿਲਾਂ ਅੰਬਾਲਾ ਦੇ ਇਕ ਪਿੰਡ ਦੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਇਕ ਔਰਤ ਵੀ ਇਸ ਮਾਮਲੇ ਵਿਚ ਸ਼ਾਮਲ ਹੈ ਜੋ ਆਪਣੇ ਆਪ ਨੂੰ ਡਾਕਟਰ ਦੱਸ ਕੇ ਕੁੜੀਆਂ ਨੂੰ ਨਰਸ ਵਜੋਂ ਭਰਤੀ ਕਰਨ ਦਾ ਝਾਂਸਾ ਦਿੰਦੀ ਸੀ।
ਖੁਦ ਨੂੰ ਲੈਫਟੀਨੈਂਟ ਕਰਨਲ ਦੱਸ ਕੇ ਠੱਗੀ ਕਰਨ ਵਾਲੇ ਸੰਦੀਪ ਸਿੰਘ ਗਿੱਲ ਦਾ ਅਸਲੀ ਨਾਂ ਸਵਰਨ ਸਿੰਘ ਹੈ। ਉਹ ਲਗਭਗ ਚਾਰ ਸਾਲ ਪਹਿਲਾਂ ਲੁਧਿਆਣਾ ਦੇ ਜਗਰਾਓਂ ਬ੍ਰਿਜ ਕੋਲ ਮਿਲਟਰੀ ਕੈਂਪ (152TA ਬਟਾਲੀਅਨ) ਵਿਚ ਤਾਇਨਾਤ ਸੀ। ਠੱਗੀ ਦੇ ਦੋਸ਼ ਵਿਚ ਹੀ ਉਸ ਨੂੰ ਫੌਜ ਤੋਂ ਬਰਖਾਸਤ ਕੀਤਾ ਗਿਆ ਸੀ। ਉਸ ਨੇ ਚਾਰ ਸਾਲ ਪਹਿਲਾਂ ਜਦੋਂ ਸਵਰਨ ਸਿੰਘ ਫੌਜ ਵਿਚ ਸੀ ਤਾਂ ਲੁਧਿਆਣਾ ਜਿਲ੍ਹਾ ਕਚਿਹਰੀ ਵਿਚ ਡਰਾਈਵਿੰਗ ਲਾਇਸੈਂਸ ਤੇ ਕੁਝ ਹੋਰ ਦਸਤਾਵੇਜ਼ਾਂ ਨੂੰ ਤਿਆਰ ਕਰਨ ਲਈ ਦੀਪਕ ਕੁਮਾਰ ਨਾਲ ਮਿਲਿਆ। ਉਸ ਨਾਲ ਮਿਲ ਕੇ ਸਵਰਨ ਸਿੰਘ ਹੋਰ ਲੋਕਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਲੱਗਾ।
ਨੌਜਵਾਨਾਂ ਨੂੰ ਮਿਲਣ ਲਈ ਦੋਸ਼ੀ ਇਕ ਇਨੋਵਾ ਕਾਰ ਦਾ ਵੀ ਇਸਤੇਮਾਲ ਕਰਦਾ ਸੀ ਜਿਸ ਨੂੰ ਉਹ ਖੁਦ ਚਲਾਉਂਦਾ ਸੀ। ਇਨੋਵਾ ‘ਤੇ ਲੱਗਾ ਨੰਬਰ ਜਾਅਲੀ ਸੀ। ਪੁਲਿਸ ਉਸ ਦੀ ਭਾਲ ਵਿਚ ਠੱਗ ਦੇ ਸ਼ਿਕਾਰ ਨੌਜਵਾਨਾਂ ਤੋਂ ਪੁੱਛਗਿਛ ਕਰ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।