District Legal Services : ਰੂਪਨਗਰ ਵਿਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ। ਉਥੇ ਜਬਰ ਜਨਾਹ ਦੇ ਮਾਮਲੇ ’ਚ ਨਾਲਸਾ ਯੋਜਨਾ ਤਹਿਤ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਆਈਆਂ ਦੋ ਪੀੜਤ ਬੱਚੀਆਂ ਨੂੰ ਮੁਆਵਜ਼ੇ ਦੇ ਰੂਪ ਵਿੱਚ 14 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਦੋਵੇਂ ਪੀੜਤ ਬੱਚੀਆਂ ਨੂੰ 7 – 7 ਲੱਖ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਉਨ੍ਹਾਂ ਦੇ ਖਾਤਿਆਂ ਵਿੱਚ ਫਿਕਸਡ ਡਿਪਾਜਿਟ ਵਜੋਂ ਜਮ੍ਹਾ ਕਰਵਾਏ ਗਏ ਹਨ ਜੋ ਪੀੜਤਾਂ ਨੂੰ ਬਾਲਿਗ ਹੋਣ ‘ਤੇ ਦਿੱਤੇ ਜਾਣਗੇ। ਇਸ ਕੇਸ ਵਿੱਚ ਦੋਸ਼ੀਆਂ ਨੂੰ ਪਹਿਲਾਂ ਹੀ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹੁਣ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਹੈ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੀ.ਜੇ.ਐੱਮ-ਕਮ-ਸਕੱਤਰ ਜੱਜ ਹਰਸਿਮਰਨ ਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੀੜਤ ਮੁਆਵਜ਼ਾ ਮਾਮਲਿਆਂ ਵਿੱਚ ਤੇਜ਼ਾਬੀ ਹਮਲਾ, ਜਬਰ- ਜਨਾਹ ਅਤੇ ਕਤਲ, ਸਰੀਰਕ ਸ਼ੋਸ਼ਣ, ਭਰੂਣ ਨੂੰ ਨੁਕਸਾਨ, ਅਣਪਛਾਤੇ ਵਾਹਨ ਨਾਲ ਮੌਤ ਆਦਿ ਮਾਮਲਿਆਂ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਮੁਆਵਜ਼ਾ ਰਾਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਾਣਕਾਰੀ ਦਿੰਦੇ ਹੋਏ ਸੀ.ਜੇ.ਐੱਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਜੱਜ ਸ਼੍ਰ ਹਰਸਮਿਰਨਜੀਤ ਸਿੰਘ ਨੇ ਦੱਸਿਆ ਕਿ ਨਾਲਸਾ 2018 ਯੋਜਨਾ ਦੇ ਉਪਬੰਧਾਂ ਤਹਿਤ ਪੀੜਤ ਬੱਚੀਆਂ ਨੂੰ ਹੋਏ ਨੁਕਸਾਨ ਦੇ ਆਧਾਰ ਤੇ ਅਤੇ ਕੀਤੇ ਗਏ ਡਾਕਟਰੀ ਖਰਚੇ ਅਤੇ ਪੁਨਰਵਾਸ ਲਈ ਜ਼ਰੂਰੀ ਘੱਟ ਤੋਂ ਘੱਟ ਰਾਸ਼ੀ ਸਮੇਤ ਹੋਰ ਖਰਚ ਸਮੇਤ ਅਵਾਰਡ ਪਾਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਬਾਲਿਗ ਹੋਣ ਤੇ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਫਿਕਸਡ ਡਿਪੋਜਿਟ ਕੀਤੀ ਜਾਂਦੀ ਹੈ ਜਿਸਨੂੰ ਬਾਲ਼ਿਗ ਹੋਣ ਤੇ ਵਿਆਜ਼ ਸਮੇਤ ਪ੍ਰਾਪਤ ਕੀਤਾ ਜਾ ਸਕਦਾ ਹੈ।