DSP’s nephew defrauded : ਜਲੰਧਰ : ਪੰਜਾਬ ਪੁਲਿਸ ਦੇ ਇੱਕ ਡੀ. ਐੱਸ. ਪੀ. ਦੇ ਭਾਣਜੇ ਨੇ ਅਰਮੀਨੀਆ ‘ਚ ਰਹਿਣ ਵਾਲੀ NRI ਔਰਤ ਨਾਲ ਮਿਲ ਕੇ ਸਪੇਨ ਭੇਜਣ ਦੇ ਨਾਂ ‘ਤੇ ਦੋਸਤ ਤੋਂ ਹੀ 4.58 ਲੱਖ ਰੁਪਏ ਠੱਗ ਲਏ। ਇਸ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੂੰ ਅਰਮੀਨੀਆ ਬੁਲਾਉਣ ਤੋਂ ਬਾਅਦ ਅੱਗੇ ਨਹੀਂ ਭੇਜਿਆ ਗਿਆ। ਉਹ ਪਰਿਵਾਰ ਵਾਲਿਆਂ ਨੂੰ ਭੇਜੀ ਟਿਕਟ ਨਾਲ ਭਾਰਤ ਪਰਤਿਆ ਅਤੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਨੇ ਆਪਣੇ ਡੀ. ਐੱਸ. ਪੀ. ਮਾਮਾ ਨੂੰ ਕਹਿ ਕੇ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦਿੱਤੀ। ਉਸ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੁਣ ਦੇਹਾਤ ਪੁਲਿਸ ਨੇ NRI ਔਰਤ ਤੇ ਡੀ. ਐੱਸ. ਪੀ. ਦੇ ਭਾਣਜੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਫਿਲੌਰ ਦੇ ਪਿੰਡ ਪੁਆਦੜਾ ਦੇ ਰਹਿਣ ਵਾਲੇ ਕੁਲਜੀਤ ਹੀਰ ਨੇ ਦੱਸਿਆ ਕਿ ਬੰਬੀਆਵਾਲੀ ਦੀ ਰਹਿਣ ਵਾਲੀ ਸੁਦੇਸ਼ ਕੁਮਾਰੀ ਤੇ ਦੂਜੇ ਟ੍ਰੈਵਲ ਏਜੰਟ ਦਾ ਕੰਮ ਕਰਦੇ ਹਨ। ਸੁਦੇਸ਼ ਕੁਮਾਰੀ ਅਰਮੀਨੀਆ ‘ਚ ਰਹਿੰਦੀ ਹੈ, ਜਿਸ ਨਾਲ ਉਸ ਦਾ ਸਪੇਨ ਭੇਜਣ ਲਈ 6 ਲੱਖ ਰੁਪਏ ‘ਚ ਸੌਦਾ ਹੋਇਆ ਸੀ। ਉਨ੍ਹਾਂ ਨੇ 2.58 ਲੱਖ ਰੁਪਏ ਲੈ ਲਏ ਪਰ ਸਪੇਨ ਦੀ ਜਗ੍ਹਾ ਅਰਮੀਨੀਆ ਦਾ ਵੀਜ਼ਾ ਲਗਾ ਕੇ ਦੇ ਦਿੱਤੀ। ਮੈਨੂੰ ਕਿਹਾ ਗਿਆ ਕਿ ਉਥੋਂ ਉਸ ਨੂੰ ਸਪੇਨ ਭੇਜ ਦੇਣਗੇ। 26 ਨਵੰਬਰ 2011 ਨੂੰ ਉਸ ਨੂੰ ਜੈਪੁਰ ਤੋਂ ਅਰਮੀਨੀਆ ਭੇਜ ਦਿੱਤਾ ਗਿਆ। ਉਥੇ ਉਨ੍ਹਾਂ ਨੇ ਬਾਕੀ ਪੈਸੇ ਮੰਗੇ ਤਾਂ ਸ਼ਿਕਾਇਤਕਰਤਾ ਦੇ ਭਰਾ ਸੁਰਿੰਦਰ ਕੁਮਾਰ ਨੇ ਡੇਢ ਲੱਖ ਰੁਪਏ ਸੁਦੇਸ਼ ਦੀ ਭੈਣ ਤੇ ਡੇਢ ਲੱਖ ਰੁਪਏ ਪਿੰਡ ਮਿਠੜਾ ਦੇ ਰਹਿਣ ਵਾਲੇ ਕੁਲਵਿੰਦਰ ਉਰਫ ਸੋਨੂੰ ਨੂੰ ਦੇ ਦਿੱਤੇ। ਕੁਲਵਿੰਦਰ ਸੋਨੂੰ ਪੰਜਾਬ ਪੁਲਿਸ ਦੇ ਇੱਕ ਡੀ. ਐੱਸ. ਪੀ. ਦਾ ਭਾਣਜਾ ਹੈ। ਉਸ ਨੇ ਪੈਸੇ ਲੈਣ ਲਈ ਡੀ. ਐੱਸ. ਪੀ. ਮਾਮਾ ਦੇ ਡਰਾਈਵਰ ਸੰਜੀਵ ਕੁਮਾਰ ਨੂੰ ਭੇਜਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ 50 ਹਜ਼ਾਰ ਰੁਪਏ ਉਹ ਜੋ ਨਾਲ ਲੈ ਕੇ ਗਿਆ ਸੀ ਉਸ ਨੂੰ ਅਰਮੀਨੀਆ ‘ਚ ਸੁਦੇਸ਼ ਕੁਮਾਰੀ ਨੇ ਲੈ ਲਿਆ। ਇਸ ਤੋਂ ਬਾਅਦ ਉਹ ਕਾਫੀ ਸਮੇਂ ਤਕ ਆਪਣੇ ਖਰਚੇ ‘ਤੇ ਅਰਮੀਨੀਆ ‘ਚ ਰਿਹਾ। ਉਸ ਦੇ ਕੋਲ ਪੈਸੇ ਨਹੀਂ ਸਨ। ਇਸ ਕਾਰਨ ਉਹ ਘਰਵਾਲਿਆਂ ਤੋਂ ਮੰਗਵਾ ਕੇ ਹੋਟਲ ‘ਚ ਦਿਨ ਕੱਟ ਰਿਹਾ ਸੀ ਪਰ ਸੁਦੇਸ਼ ਕੁਮਾਰੀ ਨੇ ਉਸ ਨੂੰ ਸਪੇਨ ਨਹੀਂ ਭੇਜਿਆ। ਇਸ ਤੋਂ ਬਾਅਦ ਘਰਵਾਲਿਆਂ ਤੋਂ ਟਿਕਟ ਕਰਵਾ ਕੇ ਉਹ ਵਾਪਸ ਪਰਤ ਆਇਆ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਕੁਲਵਿੰਦਰ ਸੋਨੂੰ ਉਸ ਨੂੰ ਧਮਕਾਉਣ ਲੱਗਾ ਕਿ ਉਸ ਦੇ ਤੇ ਉਸ ਦੇ ਪੂਰੇ ਪਰਿਵਾਰ ‘ਤੇ ਡੀ. ਐੱਸ. ਪੀ. ਮਾਮਾ ਨੂੰ ਕਹਿ ਕੇ ਝੂਠਾ ਪਰਚਾ ਦਰਜ ਕਰਵਾ ਦੇਵੇਗਾ। ਇਸ ਦੀ ਸ਼ਿਕਾਇਤ ਮਿਲੀ ਤਾਂ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਦਾ ਨਾਂ ਆਉਣ ‘ਤੇ SSP ਨੇ ਇਸ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਪ੍ਰਾਪਰਟੀ ਨੂੰ ਸੌਂਪੀ। ਜਾਂਚ ‘ਚ ਸਾਹਮਣੇ ਆਇਆ ਕਿ ਕੁਲਜੀਤ ਹੀਰ ਤੇ ਕੁਲਵਿੰਦਰ ਸੋਨੂੰ ਇੱਕ-ਦੂਜੇ ਨੂੰ ਜਾਮਦੇ ਹਨ। ਸੋਨੂੰ ਜ਼ਰੀਏ ਹੀ ਕੁਲਜੀਤ ਦੀ ਫੋਨ ‘ਤੇ ਅਰਮੀਨੀਆ ‘ਚ ਰਹਿ ਰਹੀ ਸੁਦੇਸ਼ ਨਾਲ ਗੱਲਬਾਤ ਹੋਈ ਸੀ। ਕੇਸ ‘ਚ 4.58 ਲੱਖ ਰੁਪਏ ਲੈਣ ਦੀ ਗੱਲ ਸਾਹਮਣੇ ਆਈ ਹੈ। ਸੁਦੇਸ਼ ਕੁਮਾਰੀ ਅਰਮੀਨੀਆ ‘ਚ ਹੋਣ ਦੀ ਵਜ੍ਹਾ ਕਰਕੇ ਜਾਂਚ ‘ਚ ਸ਼ਾਮਲ ਨਹੀਂ ਹੋ ਸਕੀ। ਕੁਲਜੀਤ ਹੀਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਤੋਂ ਬਾਅਦ ਡੀ. ਐੱਸ. ਪੀ. ਆਪਣੇ ਭਾਣਜੇ ਦੇ ਪਿੰਡ ਮਿਠੜਾ ‘ਚ ਪੰਚਾਇਤ ਲੈ ਕੇ ਆਇਆ ਸੀ। ਉਥੇ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਪਰ ਕੁਲਵਿੰਦਰ ਸੋਨੂੰ ਉਥੇ ਵੀ ਧਮਕੀਆਂ ਦਿੰਦਾ ਰਿਹਾ ਜੇਕਰ ਉਸ ‘ਤੇ ਕੇਸ ਦਰਜ ਹੋ ਵੀ ਗਿਆ ਤਾਂ ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਵੇਗਾ। ਕੁਲਜੀਤ ਨੇ ਦੇਹਾਤ ਪੁਲਿਸ ਤੋਂ ਮੰਗ ਕੀਤੀ ਕਿ ਦੋਵੇਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।