Employees protest against : ਬਠਿੰਡਾ : ਐਕਸਪਰਟ ਕਮੇਟੀ ਦੇ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਕੈਬਨਿਟ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ‘ਚ ਉਨ੍ਹਾਂ ਨੇ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਨਾਲ ਹੀ ਇਸ ਤੋਂ ਉਭਰਨ ਲਈ ਸੁਝਾਅ ਵੀ ਪੇਸ਼ ਕੀਤੇ। ਆਹਲੂਵਾਲੀਆ ਨੇ ਕਿਹਾ ਕਿ ਪੁਰਾਣੇ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਸ ਦੀ ਜ਼ਮੀਨ ‘ਤੇ ਇੰਡਸਟ੍ਰੀਅਲ ਪਾਰਕ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਣਕ ਅਤੇ ਚਾਵਲ ‘ਤੇ ਆਧਾਰਿਤ ਐਗਰੋ ਇੰਡਸਟਰੀ ਦੀ ਬਜਾਏ ਵਧ ਮੁੱਲ ਵਾਲੀਆਂ ਫਸਲਾਂ ਦੀ ਪ੍ਰੋਸੈਸਿੰਗ ਯੂਨਿਟ ਲਗਾਉਣ ‘ਤੇ ਕੰਮ ਕਰਨਾ ਚਾਹੀਦਾ ਹੈ।
ਇਸੇ ਰਿਪੋਰਟ ਖਿਲਾਫ ਅੱਜ ਮੁਲਾਜਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੇ ਹੱਥਾਂ ‘ਚ ਝੰਡੇ ਫੜ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਆਹਲੂਵਾਲੀਆਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਲਹਿਰਾ ਮੁਹੱਬਤ ਤੇ ਰੋਪੜ ਦੇ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਜਾਵੇ। ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਕਰ ਦਿੱਤੀਆਂ ਜਾਣ। 40 ਹਜ਼ਾਰ ਬਿਜਲੀ ਬੋਰਡ ਵਿੱਚ ਪੋਸਟਾਂ ਨੂੰ ਖਤਮ ਕਰ ਦਿੱਤਾ ਜਾਵੇ। ਰਿਪੋਰਟ ‘ਚ ਕੋਵਿਡ ਨਾਲ ਬੁਰੀ ਤਰ੍ਹਾਂ ਗ੍ਰਸਤ ਹੋਈ ਇੰਡਸਟਰੀ ਨੂੰ ਦੁਬਾਰਾ ਖੜ੍ਹਾ ਕਰਨ ਲਈ ਫਿਕਸ ਚਾਰਜਸ ‘ਚ ਰਾਹਤ ਦੇਣ ਦੀ ਗੱਲ ਵੀ ਕਮੇਟੀ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਵੰਡ ਕੰਪਨੀਆਂ ਨੂੰ ਨੁਕਸਾਨ ਹੋਵੇਗਾ ਪਰ ਫਿਲਹਾਲ ਇਸ ਨੂੰ ਕੈਪੀਟਲ ‘ਚ ਸ਼ਾਮਲ ਕਰਕੇ ਭਵਿੱਖ ‘ਚ ਥੋੜ੍ਹਾ ਰੇਟ ਵਧਾ ਕੇ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ।
ਮੋਂਟੇਕ ਸਿੰਘ ਆਹਲੂਵਾਲੀਆ ਨੇ ਐੱਸ. ਸੀ. ਤੇ ਬੀ. ਸੀ. ਨੂੰ ਮਿਲਣ ਵਾਲੀ ਸਬਸਿਡੀ ਨੂੰ ਬੰਦ ਕਰਨ ਦੀ ਵੀ ਗੱਲ ਆਖੀ ਤੇ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਨੂੰ ਵੀ ਬੰਦ ਕੀਤਾ ਜਾਵੇ। ਇਸੇ ਰੋਸ ਵਜੋਂ ਸੂਬੇ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।