Encourage startup industry : ਪੰਜਾਬ ‘ਚ ਕੋਵਿਡ-19 ਤੋਂ ਬਾਅਦ ਅਰਥ ਵਿਵਸਥਾ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਲਈ ਬਣੀ ਐਕਸਪਰਟ ਕਮੇਟੀ ਦੇ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿਚ ਬੈਂਗਲੌਰ ਵਾਂਗ ਸਟਾਰਟਅੱਪ ਇੰਡਸਟਰੀ ਨੂੰ ਉਤਸ਼ਾਹਿਤ ਕਰੇ। ਇਸ ਨਾਲ ਪੰਜਾਬ ‘ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇਗਾ।
ਮੋਂਟੇਕ ਸਿੰਘ ਆਹਲੂਵਾਲੀਆ ਨੇ ਕੈਬਨਿਟ ਨੂੰ ਵੀ ਆਪਣੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਬੰਗਲੌਰ ‘ਚ ਜੋ ਵੀ ਸਟਾਰਟਅੱਪ ਸ਼ੁਰੂ ਹੋਏ ਸਨ ਉਹ ਸਫਲਤਾ ਤੋਂ ਬਾਅਦ ਹੁਣ ਆਪਣੇ ਯੂਨਿਟਾਂ ਦਾ ਪ੍ਰਸਾਰ ਕਰਨਾ ਚਾਹੁੰਦੇ ਹਨ। ਪੰਜਾਬ ਨੂੰ ਵੀ ਮੋਹਾਲੀ ਅਤੇ ਹੋਰਨਾਂ ਸ਼ਹਿਰਾਂ ‘ਚ ਇਨ੍ਹਾਂ ਨੂੰ ਸਥਾਪਤ ਕਰਨਾ ਚਾਹੀਦਾ ਹੈ। ਇਸ ਨਾਲ ਸਰਕਾਰ ਨੂੰ ਇੰਫਰਾਸਟ੍ਰਕਚਰ ਸਥਾਪਤ ਕਰਨ ‘ਤੇ ਕੰਮ ਕਰਨਾ ਹੋਵੇਗਾ। ਰਿਪੋਰਟ ‘ਚ ਕੋਵਿਡ ਨਾਲ ਬੁਰੀ ਤਰ੍ਹਾਂ ਗ੍ਰਸਤ ਹੋਈ ਇੰਡਸਟਰੀ ਨੂੰ ਦੁਬਾਰਾ ਖੜ੍ਹਾ ਕਰਨ ਲਈ ਫਿਕਸ ਚਾਰਜਸ ‘ਚ ਰਾਹਤ ਦੇਣ ਦੀ ਗੱਲ ਵੀ ਕਮੇਟੀ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਵੰਡ ਕੰਪਨੀਆਂ ਨੂੰ ਨੁਕਸਾਨ ਹੋਵੇਗਾ ਪਰ ਫਿਲਹਾਲ ਇਸ ਨੂੰ ਕੈਪੀਟਲ ‘ਚ ਸ਼ਾਮਲ ਕਰਕੇ ਭਵਿੱਖ ‘ਚ ਥੋੜ੍ਹਾ ਰੇਟ ਵਧਾ ਕੇ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ।
ਮੋਂਟੇਕ ਨੇ ਇੰਡਸਟਰੀ ਨੂੰ ਮਹਿੰਗੀ ਬਿਜਲੀ ਤੋਂ ਬਚਣ ਲਈ ਰਿਪੋਰਟ ‘ਚ ਬਾਹਰੀ ਰਾਜਾਂ ਤੋਂ ਓਪਨ ਅਸੈੱਸ ਪਾਲਿਸੀ ਤਹਿਤ ਬਿਜਲੀ ਖਰੀਦਣ ਦਾ ਵੀ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਓਪਨ ਅਸੈੱਸ ਪਾਲਿਸੀ ਸਹੀ ਨਹੀਂ ਹੈ ਇਸ ‘ਚ ਕਾਫੀ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਪਾਵਰਕਾਮ ਤੋਂ ਇਸ ਪਾਲਿਸੀ ਨੂੰ ਇੰਡਸਟਰੀ ਨਾਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਿਪੋਰਟ ‘ਚ ਪੁਰਾਣੇ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਸ ਦੀ ਜ਼ਮੀਨ ‘ਤੇ ਇੰਡਸਟ੍ਰੀਅਲ ਪਾਰਕ ਸਥਾਪਤ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਣਕ ਅਤੇ ਚਾਵਲ ‘ਤੇ ਆਧਾਰਿਤ ਐਗਰੋ ਇੰਡਸਟਰੀ ਦੀ ਬਜਾਏ ਵਧ ਮੁੱਲ ਵਾਲੀਆਂ ਫਸਲਾਂ ਦੀ ਪ੍ਰੋਸੈਸਿੰਗ ਯੂਨਿਟ ਲਗਾਉਣ ‘ਤੇ ਕੰਮ ਕਰਨਾ ਚਾਹੀਦਾ ਹੈ। ਮੋਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ‘ਚ ਬਣੀ ਕਮੇਟੀ ਦੀ ਰਿਪੋਰਟ ਨੂੰ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਭੇਜ ਦਿੱਤਾ ਹੈ ਅਤੇ ਇਸ ‘ਤੇ ਆਪਣੇ ਵਿਚਾਰ ਦੱਸਣ ਨੂੰ ਕਿਹਾ ਹੈ।