Even 41 days : ਬਰਨਾਲਾ : ਅਰੁਣਾਚਲ ਪ੍ਰਦੇਸ਼ ‘ਚ ਭਾਰਤ-ਚੀਨ ਸਰਹੱਦ ਦੌਰਾਨ ਪੈਰ ਫਿਸਲਣ ਨਾਲ ਨਦੀ ‘ਚ ਡਿਗਣ ਵਾਲੇ ਬਰਨਾਲਾ ਦੇ ਪਿੰਡ ਕੁਤਬਾ ਦੇ ਜਵਾਨ ਸਤਵਿੰਦਰ ਸਿੰਘ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। 20 ਸਾਲਾ ਬੇਟੇ ਦੀ ਯਾਦ ‘ਚ ਮਾਂ ਸੁਖਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਤਿੰਦਰ ਨੂੰ ਲਾਪਤਾ ਹੋਏ 41 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ‘ਚ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਚੁੱਕੀ ਹੈ। ਸ਼ਹੀਦ ਸੈਨਿਕ ਸਤਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਵੀ ਹੋ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਨੂੰ ਇਸ ਦੀ ਸੂਚਨਾ ਤੱਕ ਨਹੀਂ ਹੈ।
ਬਰਨਾਲਾ ਦੇ ਪਿੰਡ ਕੁਤਲਾ ਨਿਵਾਸੀ ਅਮਰ ਸਿੰਘ ਤੇ ਸੁਖਵਿੰਦਰ ਕੌਰ ਦਾ ਲਾਡਲਾ ਛੋਟਾ ਬੇਟਾ ਸਤਵਿੰਦਰ ਸਿੰਘ 2018 ‘ਚ ਸਿੱਖ ਫਾਰ ਐੱਲ. ਆਈ. ਆਰਮੀ ਪਟਿਆਲਾ ‘ਚ ਫੌਜ ‘ਚ ਭਰਤੀ ਹੋਇਆ ਸੀ। ਸੈਨਿਕ ਸਤਵਿੰਦਰ ਸਿੰਘ ਨੇ ਬੀਤੀ 17 ਜੁਲਾਈ 2020 ਨੂੰ ਆਪਣੀ ਮਾਂ ਨਾਲ 5 ਮਿੰਟ ਗੱਲਬਾਤ ਕਰਕੇ ਸਾਰੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਸੀ। ਉਦੋਂ ਉਹ ਅਰੁਣਾਚਲ ‘ਚ ਭਾਰਤ ਤੇ ਚੀਨ ਦੇ ਬਾਰਡਰ ‘ਤੇ ਪੈਟਰੋਲਿੰਗ ਲਈ ਜਾ ਰਿਹਾ ਸੀ। ਰਸਤੇ ਵਿੱਚ ਨਦੀ ਕੋਲ ਪੈਂਦੇ ਲੱਕੜੀ ਦਾ ਪੁਲ ਟੁੱਟਣ ਕਾਰਨ ਸਤਵਿੰਦਰ ਸਿੰਘ ਤੇ ਉਸ ਦੇ ਸਾਥੀ ਲਖਵੀਰ ਸਿੰਘ ਨਿਵਾਸੀ ਮੋਗਾ ਦਾ ਨਦੀ ‘ਚ ਡਿਗਣ ਨਾਲ ਲਾਪਤਾ ਹੋ ਗਏ ਸਨ। ਸਤਵਿੰਦਰ ਸਿੰਘ ਦੇ ਲਾਪਤਾ ਹੋਣ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ 22 ਜੁਲਾਈ ਨੂੰ ਦਿੱਤੀ ਗਈ। ਫੌਜੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਤਾਂ ਨਦੀ ਤੋਂ ਕੱਢ ਲਈ ਗਈ ਸੀ ਪਰ ਸਤਵਿੰਦਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਾ।
ਸਤਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ, ਮਾਂ ਸੁਖਵਿੰਦਰ ਕੌਰ, ਵੱਡੇ ਭਰਾ ਮਨਜਿੰਦਰ ਸਿੰਘ ਤੇ ਵੱਡੀ ਭੈਣ ਹਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਲਾਡਲਾ ਆਪਣੇ ਘਰ ਪਰਤ ਆਏ। ਉਹ ਰੋਜ਼ ਉਸ ਦੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਮਾਰਨ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਮਦਦ ਨਹੀਂ ਦਿੱਤੀ ਗਈ। ਨਾਲ ਹੀ ਉਨ੍ਹਾਂ ਨੇ ਫੌਜ ਤੇ ਕੈਪਟਨ ਸਰਕਾਰ ਤੋਂ ਪੁੱਤਰ ਨੂੰ ਲੱਭਣ ਦੀ ਗੁਹਾਰ ਵੀ ਲਗਾਈ ਹੈ।