Family members of three : ਨੌਜਵਾਨਾਂ ਵਿਚ ਬਾਹਰ ਜਾਣ ਦਾ ਕ੍ਰੇਜ ਬਹੁਤ ਜ਼ਿਆਦਾ ਹੈ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਗਲਤ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੰਜਾਬ ਦੇ ਤਿੰਨ ਨੌਜਵਾਨ ਟ੍ਰੇਵਲ ਏਜੰਟਾਂ ਦੀਆਂ ਗਲਤ ਨੀਤੀਆਂ ਕਾਰਨ ਉਥੋਂ ਦੀ ਜੇਲ ਵਿਚ ਬੰਦ ਹਨ। ਇਹ ਨੌਜਵਾਨ ਮਲੇਸ਼ੀਆ ਦੀ ਮਾਚੋਕੰਬੋ ਕੈਂਪ ਜੇਲ ਵਿਚ ਨਰਕ ਭਰਿਆ ਜੀਵਨ ਬਿਤਾ ਰਹੇ ਹਨ। ਮਲੇਸ਼ੀਆ ਦੇ ਕਾਨੂੰਨ ਮੁਤਾਬਕ ਨੌਜਵਾਨਾਂ ਨੂੰ ਭਾਰੀ ਜੁਰਮਾ ਤੇ ਪੰਜ ਸਾਲ ਤਕ ਜੇਲ੍ਹ ਸਜ਼ਾ ਵੀ ਹੋ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਏਜੰਟ ਨੇ 10 ਲੱਖ 10 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਕੇ ਮਲੇਸ਼ੀਆ ਵਿਚ ਚੰਗੀ ਨੌਕਰੀ, ਰਹਿਣ ਲਈ ਵਰਕ ਪਰਮਿਟ ਦਿਵਾਉਣ ਦਾ ਵਾਅਦਾ ਕੀਤਾ ਸੀ। ਏਜੰਟਾਂ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਨੇ ਸਾਰੇ ਪੈਸੇ ਦੇ ਦਿੱਤੇ। ਏਜੰਟਾਂ ਨੇ ਬੱਚਿਆਂ ਨੂੰ ਦਸੰਬਰ 2019 ਵਿਚ ਵਰਕ ਪਰਮਿਟ ਦੀ ਜਗ੍ਹਾ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਭੇਜ ਦਿੱਤਾ। ਉਥੇ ਵੀਜ਼ਾ ਖਤਮ ਹੋਣ ਤੋਂ ਬਾਅਦ ਮਲੇਸ਼ੀਆ ਦੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰਕੇ ਜੇਲ ਵਿਚ ਬੰਦ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਬੱਚਿਆਂ ਨੂੰ ਬਾਹਰ ਭੇਜਿਾ ਸੀ। ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਨਾ ਉਨ੍ਹਾਂ ਕੋਲ ਪੈਸੇ ਹਨ ਤੇ ਨਾ ਹੀ ਸਿਆਸੀ ਪਹੁੰਚੇ। ਪੀੜਤਾਂ ਨੇ ਜਲਦ ਤੋਂ ਜਲਦ ਮਲੇਸ਼ੀਆ ਦੀ ਜੇਲ ਵਿਚ ਆਪਣੇ ਬੱਚਿਆਂ ਨੂੰ ਛੁਡਵਾਉਣ ਅਤੇ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ।
ਤਿੰਨ ਨੌਜਵਾਨ ਜਿਹੜੇ ਮਲੇਸ਼ੀਆ ਦੀ ਜੇਲ੍ਹ ਵਿਚ ਬੰਦ ਹਨ ਉਹ ਹਨ ਗੁਰਚਰਨ ਸਿੰਘ ਨਿਵਾਸੀ ਤਲਵੰਡੀ ਰੋਡ, ਦਵਿੰਦਰ ਸਿੰਘ ਨਿਵਾਸੀ ਰਾਏਕੋਟ ਅਤੇ ਤੀਜਾ ਨੌਜਵਾਨ ਫਿਲੌਰ ਦੇ ਬੱਸੀਆ ਚੱਕ ਦਾ ਵਾਸੀ ਕੁਲਵਿੰਦਰ ਸਿੰਘ ਹੈ। ਪਰਿਵਾਰਕ ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਦੇਸ਼ੀ ਜੇਲ੍ਹਾਂ ਵਿਚ ਬੰਦ ਭਾਰਤੀਆਂ ਨੂੰ ਹਮੇਸ਼ਾ ਛੁਡਵਾਉਣ ਵਾਲੇ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਓਬਰਾਏ ਨੂੰ ਗੁਹਾਰ ਲਗਾਈ ਗਈ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭੇਜਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।