Farmers did not : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਨ ਤੌਰ ‘ਤੇ ਸਮਰਥਨ ਕਰ ਰਹੇ ਹਨ ਪਰ ਇੰਝ ਲੱਗਦਾ ਹੈ ਕਿ ਕਿਸਾਨਾਂ ਦੀ ਦਿਲਚਸਪੀ ਹੁਣ ਦੀਪ ਸਿੱਧੂ, ਯੋਗਰਾਜ ਤੇ ਬੱਬੂ ਮਾਨ ਨੂੰ ਸੁਣਨ ‘ਚ ਨਹੀਂ ਰਹੀ। ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਮੁੱਖ ਮੰਚ ਦੇ ਨੇੜੇ ਵੀ ਨਹੀਂ ਆਉਣ ਦਿੱਤਾ। ਇਹ ਸਾਰੇ ਕਲਾਕਾਰ ਕਿਸਾਨਾਂ ਦਾ ਇਕੱਠ ਦੇਖ ਕੇ ਉਥੇ ਪੁੱਜੇ ਸਨ। ਇਸ ਮੌਕੇ ਇੱਕ ਕਿਸਾਨ ਆਗੂ ਨੇ ਦੱਸਿਆ ਕਿ ਸਿਰਫ ਯੂਨੀਅਨਾਂ ਦੇ ਬੁਲਾਰੇ ਹੀ ਭਾਸ਼ਣ ‘ਚ ਬੋਲਣਗੇ। ਇਹ ਕਲਾਕਾਰ ਨੇੜੇ ਹੀ ਬੋਲ ਕੇ ਚਲੇ ਗਏ। ਕਿਸਾਨਾਂ ਨੇ ਧਰਨੇ ਵਾਲੀ ਥਾਂ ਤੋਂ ਉਠ ਕੇ ਉਨ੍ਹਾਂ ਨੂੰ ਸੁਣਨ ‘ਚ ਕੋਈ ਦਿਲਚਸਪੀ ਨਹੀਂ ਦਿਖਾਈ।
ਬੱਬੂ ਮਾਨ ਨੇ ਆਪਣੇ ਭਾਸ਼ਨ ਦੌਰਾਨ ਪੰਜਾਬ ਦੀ ਜਵਾਨੀ ਨੁੰ ਨਸ਼ੇੜੀ ਦੱਸਣ ਵਾਲੀ ਨੈਸ਼ਨਲ ਮੀਡੀਆ ਦੀ ਖੂਬ ਝਾੜ ਝੰਬ ਕੀਤੀ ਅਤੇ ਉਨ੍ਹਾਂ ਅਤੇ ਨੌਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਅਪੀਲ ਵੀ ਕੀਤੀ। ਆਪਣੀਆਂ ਮੰਗਾਂ ਲਈ ਸੜਕਾਂ ’ਤੇ ਉਤਰੇ ਕਿਸਾਨਾਂ ਦਾ ਜੋਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਹਰ ਆਮ ਤੇ ਖਾਸ ਵਿਅਕਤੀ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ, ਉਥੇ ਪੰਜਾਬੀ ਗਾਇਕ ਵੀ ਇਨ੍ਹਾਂ ਧਰਨਿਆਂ ਤੇ ਪ੍ਰਦਰਸ਼ਨਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਰਹੇ ਹਨ। ਬੱਬੂ ਮਾਨ ਨੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਪਹੁੰਚ ਚੁੱਕੀ ਹੈ। ਸਾਡੇ ਨੌਜਵਾਨਾਂ ਨੂੰ ਨਸ਼ੇੜੀ ਤੇ ਵੈਲੀ ਦੱਸਿਆ ਜਾਂਦਾ ਸੀ, ਜਿਨ੍ਹਾਂ ਨੇ ਅੱਜ ਮਿਸਾਲ ਕਾਇਮ ਕਰ ਦਿੱਤੀ ਹੈ।
ਇਸੇ ਤਰ੍ਹਾਂ ਪ੍ਰਸਿੱਧ ਕਲਾਕਾਰ ਯੋਗਰਾਜ ਸਿੰਘ ਨੇ ਧਰਨੇ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਯੋਗਰਾਜ ਸਿੰਘ ਨੇ ਕਿਹਾ ਕਿ ਉਹ ਖੁਦ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਨੇ ਤੇ ਇਸ ਸਮੇਂ ਕਿਸਾਨਾਂ ਦਾ ਦਰਦ ਭਲੀ ਭਾਂਤ ਸਮਝ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਇਹ ਜੋ ਬਿੱਲ ਲਿਆਂਦਾ ਗਿਆ ਹੈ,ਉਹ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੋਣ ਦੇ ਨਾਲ ਨਾਲ ਮਜ਼ਦੂਰ ਵਰਗ ਅਤੇ ਹੋਰਨਾਂ ਵਪਾਰੀ ਵਰਗਾਂ ਨੂੰ ਵੀ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਸੱਚਮੁੱਚ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਮਝਦੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਨਾਲ ਬੰਦ ਕਮਰੇ ‘ਚ ਨਹੀਂ ਸਗੋਂ ਜੱਥੇਬੰਦੀਆਂ ਅਤੇ ਮੀਡੀਆ ਸਾਹਮਣੇ ਗੱਲਬਾਤ ਕਰਕੇ ਇਸ ਦਾ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਰਾਹਤ ਮਿਲ ਸਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਪੰਜਾਬੀ ਇੰਡਸਟਰੀ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕਲਾਕਾਰ ਦੀਪ ਸਿੱਧੂ ਵੀ ਕਿਸਾਨਾਂ ਦੇ ਸਮਰਥਨ ਲਈ ਅੱਗੇ ਆਏ ਪਰ ਇਨ੍ਹਾਂ ਸਾਰੇ ਕਲਾਕਾਰਾਂ ਦਾ ਕਿਸਾਨਾਂ ‘ਤੇ ਕੋਈ ਅਸਰ ਪੈਂਦਾ ਨਹੀਂ ਦਿਸ ਰਿਹਾ।