Ferozepur dealer selling : ਬੀਜ ਘਪਲੇ ਮਾਮਲੇ ਵਿਚ ਇਕ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ ਪੰਜਾਬ ਪੁਲਿਸ ਨੇ ਪੀ. ਏ. ਯੂ. ਵਲੋਂ ਤਿਆਰ ਕੀਤੇ ਗਏ ਸਰਕਾਰੀ ਬੀਜਾਂ ਨੂੰ ਨਾਜਾਇਜ਼ ਤਰੀਕੇ ਨਾਲ ਦੁਕਾਨਾਂ ‘ਤੇ ਵੇਚਣ ਸਬੰਧੀ ਸਖਤ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਖੇਤੀਬਾੜੀ ਵਿਭਾਗ ਨੇ ਸੋਮਵਾਰ ਨੂੰ ਕੈਂਟ ਦਾਣਾ ਮੰਡੀ ਵਿਖੇ ਮੈਸ. ਸਿੰਗਲਾ ਸੀਡਜ਼ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਬੀਜ ਸਪਲਾਈ ਕਰਨ ਵਾਲੇ ਜਗਰਾਓਂ ਦੇ ਮੈਸਰਜ਼ ਬਿਮਲ ਕਿਸ਼ੋਰ ਅਤੇ ਬ੍ਰਦਰਜ਼ ਸੀਡਜ਼ ਖਿਲਾਫ ਲੁਧਿਆਣਾ ਸਥਿਤ ਅਥਾਰਟੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਮਨਿੰਦਰ ਸਿੰਘ ਅਤੇ ਕੇ. ਵੀ. ਕੇ. ਫਿਰੋਜ਼ਪੁਰ ਦੇ ਐਸੋਸੀਏਟ ਡਾਇਰੈਕਟਰ ਡਾ. ਗੁਰਜੰਟ ਸਿੰਘ ਔਲਖ ਨੇ ਇਕ ਕਿਸਾਨ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਫਰਮ ਦੀ ਚੈਕਿੰਗ ਕੀਤੀ ਤੇ ਛਾਪੇਮਾਰੀ ਕੀਤੀ ਗਈ।
ਜਾਂਚ ਦੌਰਾਨ ਫਰਮ ਦੀ ਦੁਕਾਨ ਤੋਂ ਬੀਜਾਂ ਦਾ ਕੋਈ ਭੰਡਾਰ ਨਹੀਂ ਮਿਲਿਆ ਜਿਸ ਕਰਕੇ ਸੈਂਪਲਿੰਗ ਨਹੀਂ ਹੋ ਸਕੀ। ਫਰਮ ਵਲੋਂ 125 ਬੈੱਗ ਪੀ. ਆਰ. 114 ਕਿਸਮ ਦੇ ਬੀਜ ਵੇਚੇ ਗਏ ਸੀ ਅਤੇ ਹਰੇਕ ਬੈਗ 24 ਕਿਲੋ ਦਾ ਸੀ ਜਿਸ ਕਾਰਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਟੈਗਲਾਈਨ ਵੀ ਲਿਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਿਰਫ ਕੇ. ਵੀ. ਕੇ. ਨੂੰ ਹੀ ਇਹ ਬੀਜ ਵੇਚਣ ਦਾ ਅਧਿਕਾਰ ਹੈ ਤੇ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਇਹ ਬੀਜ ਨਹੀਂ ਵੇਚ ਸਕਦਾ। ਵਿਭਾਗ ਵਲੋਂ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਸਪਲਾਇਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਗਰਾਓਂ ਦੀ ਫਰਮ ਵਲੋਂ ਬਿਲ ਨੰਬਰ 1476 ਤਹਿਤ 8 ਮਈ 2020 ਨੂੰ ਬੀਜ ਪੈਕੇਟ ਖਰੀਦੇ ਗਏ ਸਨ।