Finance Minister visits : ਮਨਪ੍ਰੀਤ ਬਾਦਲ ਨੇ ਕਲ ਬਠਿੰਡਾ ਸ਼ਹਿਰ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕਰਨ ਲਈ ਦੌਰਾ ਕੀਤਾ। ਸ. ਬਾਦਲ ਨੇ ਸਭ ਤੋਂ ਪਹਿਲਾਂ ਡੱਬਵਾਲੀ ਰੋਡ ‘ਤੇ ਸਥਿਤ ਗਰੋਥ ਸੈਂਟਰ ਸਬੰਧੀ ਪਿੰਡ ਸੈਹਣੇ ਵਾਲਾ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਨੇ ਵਪਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ. ਬਾਦਲ ਨੇ ਵਪਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕਿਹਾ।
ਵਿੱਤ ਮੰਤਰੀ ਨੇ ਮੀਟਿੰਗ ਵਿਚ ਕਿਹਾ ਕਿ ਬਠਿੰਡਾ ਵਿਖੇ ਰੁਕੇ ਪਏ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਇਸ ਮੌਕੇ ਕਿਹਾ ਕਿ ਕਿਸੇ ਵੀ ਕੰਮ ਵਿਚ ਕੋਈ ਢਿੱਲ ਨਾ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਇੱਥੋਂ ਦੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵੀ ਪੰਜਾਬ ਸਰਕਾਰ ਵਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਮਨਪ੍ਰੀਤ ਬਾਦਲ ਮੀਟਿੰਗ ਤੋਂ ਬਾਅਦ ਸ਼ਕਤੀ ਬਿਹਾਰ ਵਾਰਡ ਨੰਬਰ ਚਾਰ, ਮਾਡਲ ਟਾਊਨ ਫੇਜ਼-1 ਵਿਖੇ ਲੋਕਾਂ ਨੂੰ ਮਿਲੇ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਬਹੁਪੱਖੀ ਵਿਕਾਸ ਲਈ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਚੱਲ ਰਹੇ ਵਿਕਾਸ ਕਾਰਜਾਂ ਤੇ ਭਵਿੱਖ ਵਿਚ ਹੋਣ ਵਾਲੇ ਨਵੇਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਦਾ ਭਰੋਸਾ ਵੀ ਦਿਵਾਇਆ। ਲੋਕ ਨੂੰ ਮਿਲਣ ਤੋਂ ਬਾਅਦ ਸ. ਬਾਦਲ ਕਾਂਗਰਗੀ ਆਗੂ ਬਲਰਾਜ ਪੱਕਾ ਨੂੰ ਮਿਲੇ ਅਤੇ ਵਿਕਾਸ ਦੇ ਕੰਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਸ. ਬਾਦਲ ਨੇ ਵਾਰਡ ਨੰਬਰ ਇੱਕ ਵਿਚ ਸਥਿਤ ਆਦਰਸ਼ ਨਗਰ, ਕਰਤਾਰ ਕਲੋਨੀ, ਕੋਠੇ ਸੁੱਚਾ ਸਿੰਘ, ਖੇਤਾ ਸਿੰਘ ਬਸਤੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਸੀਵਰੇਜ, ਲਾਇਟਾਂ ਅਤੇ ਸੜਕਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਸ. ਬਾਦਲ ਨੇ ਵੱਖ-ਵੱਖ ਥਾਵਾਂ ‘ਤੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।