Fire breaks out : ਚੰਡੀਗੜ੍ਹ ਦੇ ਸੈਕਟਰ-25 ਸਥਿਤ ਝੁੱਗੀਆਂ ‘ਚ ਸ਼ਨੀਵਾਰ ਦੁਪਹਿਰ ਅੱਗ ਲੱਗ ਗਈ। ਅੱਗ ਲੱਗਣ ਨਾਲ ਝੁੱਗੀਆਂ ‘ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਕਿਸਮਤ ਨਾਲ ਹਾਦਸੇ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾਇਆ। ਅੱਗ ਕਿਉਂ ਲੱਗੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।
ਸ਼ਨੀਵਾਰ ਦੁਪਹਿਰ 2 ਵਜੇ ਅੱਗ ਲੱਗੀ। ਸਥਾਨਕ ਨਿਵਾਸੀ ਨੇ ਦੱਸਿਆ ਕਿ ਇਕ ਝੁੱਗੀ ‘ਚ ਰੱਖੇ ਹੋਏ ਸਿਲੰਡਰ ‘ਤੇ ਬੱਚੇ ਕੁਝ ਬਣਾਉਣ ਦੀ ਕੋਸ਼ਸ਼ ਕਰ ਰਹੇ ਸਨ ਕਿ ਉਨ੍ਹਾਂ ਕੋਲੋਂ ਗੈਸ ਖੁੱਲ੍ਹੀ ਰਹਿ ਗਈ ਤੇ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਉਥੇ ਮੌਜੂਦ ਹੋਰ ਝੁੱਗੀਆਂ ਤਕ ਫੈਲ ਗਈ। ਮੌਕੇ ‘ਤੇ ਸੈਕਟਰ-17 ਅਤੇ ਇਕ ਹੋਰ ਸੈਕਟਰ-38 ਫਾਇਰ ਸਟੇਸ਼ਨ ਤੋਂ ਚਾਰ ਗੱਡੀਆਂ ਮੌਕੇ ‘ਤੇ ਅੱਗ ਬੁਝਾਉਣ ਲਈ ਪਹੁੰਚੀਆਂ। ਅੱਗ ਨਾਲ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਜਾਂਚ ਕੀਤੀ ਜਾ ਰਹੀ ਹੈ।
ਵਾਰਡ ਨੰਬਰ 5 ਤੋਂ ਕੌਂਸਲਰ ਤੇ ਸਾਬਕਾ ਡਿਪਟੀ ਮੇਅਰ ਸ਼ੀਲਾ ਫੂਲ ਸਿੰਘ ਨੇ ਇਸ ਮਾਮਲੇ ‘ਚ ਪ੍ਰਭਾਵਿਤ ਲੋਕਾਂ ਦੇ ਦੁਬਾਰਾ ਰਿਹਾਇਸ਼ ਦੀ ਮੰਗ ਕੀਤੀ ਹੈ। ਕੌਂਸਲਰ ਨੇ ਅੱਗ ਨਾਲ ਹੋਏ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਤੇ ਨਾਲ ਹੀ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਮਿਲ ਕੇ ਹਮਦਰਦੀ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਉਚਿਤ ਆਰਥਿਕ ਸਹਾਇਤਾ ਦਿੱਤੀ ਜਾਵੇ ਤੇ ਮਲੋਇਆ ਸਥਿਤ ਖਾਲੀ ਪਏ ਪੱਕੇ ਮਕਾਨ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣ। ਸ਼ੀਲਾ ਫੂਲ ਸਿੰਘ ਨੇ ਕਿਹਾ ਕਿ ਭਵਿੱਖ ‘ਚ ਅਜਿਹਾ ਹਾਦਸਾ ਨਾ ਹੋਵੇ, ਇਸ ਲਈ ਸੈਕਟਰ-25 ਦੀਆਂ ਝੁੱਗੀਆਂ ਦਾ ਜਲਦ ਤੋਂ ਜਲਦ ਸਰਵੇ ਕਰਾ ਕੇ ਉਨ੍ਹਾਂ ਨੂੰ ਮਕਾਨ ਅਲਾਟ ਕੀਤੇ ਜਾਣ।