Focal Point 66KV : ਜਲੰਧਰ : ਪਾਵਰਕਾਮ ਵੱਲੋਂ ਫੋਕਲ ਪੁਆਇੰਟ ‘ਚ ਬਣ ਰਹੇ 66 ਕੇ. ਵੀ. ਗਰਿੱਡ ਦਾ ਨਿਰਮਾਣ ਅਕਤੂਬਰ ‘ਚ ਬਣ ਕੇ ਤਿਆਰ ਹੋ ਜਾਵੇਗਾ। ਨਵਾਂ ਗਰਿੱਡ ਬਣਨ ਨਾਲ ਲੱਗਦੇ ਇਲਾਕਿਆਂ ਤੇ ਇੰਡਸਟਰੀ ਨੂੰ ਨਵੇਂ ਨੂੰ ਕੁਨੈਕਸ਼ਨ ਮਿਲਣੇ ਸ਼ੁਰੂ ਹੋ ਜਾਣਗੇ। ਫੋਕਲ ਪੁਆਇੰਟ ਨਾਲ ਲੱਗਦੇ ਇਲਾਕਿਆਂ ‘ਚ ਬਿਜਲੀ ਫਾਲਟ ਦੀ ਸਮੱਸਿਆ ਰਹਿੰਦੀ ਹੈ। BBMB ਨਾਲ ਚੱਲਣ ਵਾਲਾ ਟਾਂਡਾ ਰੋਡ 66 ਕੇ. ਵੀ. ਗਰਿੱਡ ਲੋਡ ਹੈ। ਦੂਜੇ ਕਿਸੇ ਫੀਡਰ ਤੋਂ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾ ਸਕਦੀ। ਇਸ ਕਾਰਨ ਨਵੇਂ ਕੁਨੈਕਸ਼ਨ ਵੀ ਨਹੀਂ ਦਿੱਤੇ ਜਾ ਰਹੇ।
ਜੇਕਰ ਬਿਜਲੀ ਦੀ ਸਪਲਾਈ ਜਾਂ ਫਿਰ ਨਵੇਂ ਕੁਨੈਕਸ਼ਨ ਦਿੰਦੇ ਹਨ ਤਾਂ ਫੋਕਲ ਪੁਆਇੰਟ ‘ਚ ਬਣੇ 66 ਕੇ. ਵੀ. ਗਰਿੱਡ ਦਾ ਲੋਡ ਵੱਧ ਜਾਵੇਗਾ। ਇੰਡਸਟਰੀ ਦੇ ਨਾਲ-ਨਾਲ ਪਿੰਡ ਰੰਧਾਵਾ ਮਸੰਦਾ, ਫੋਕਲ ਪੁਆਇੰਟ, ਰਾਜਾ ਗਾਰਡਨ ਤੇ ਗਦਈਪੁਰ ‘ਚ ਨਵੀਂ ਇੰਡਸਟਰੀ ਲੱਗ ਰਹੀ ਹੈ। ਇੰਡਸਟਰੀ ਦੇ ਨਾਲ-ਨਾਲ ਲੋਕਾਂ ਨੇ ਵੀ ਨਵੇਂ ਬਿਜਲੀ ਦੇ ਕੁਨੈਕਸ਼ਨ ਲਈ ਅਪਲਾਈ ਕੀਤਾ ਹੋਇਆ ਹੈ। ਫਿਲਹਾਲ ਪਾਵਰਕਾਮ ਇੰਡਸਟਰੀ ਨੂੰ ਕੁਨੈਕਸ਼ਨ ਜਾਰੀ ਨਹੀਂ ਕਰ ਰਿਹਾ ਹੈ ਨਾ ਹੀ ਕਿਸੇ ਫੀਡਰ ‘ਤੇ ਵੱਧ ਲੋਡ ਪਾ ਰਿਹਾ ਹੈ। 70 ਫੀਸਦੀ ਗਰਿੱਡ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਰਹਿੰਦਾ 30 ਫੀਸਦੀ ਕੰਮ ਆਉਣ ਵਾਲੇ ਕੁਝ ਦਿਨਾਂ ‘ਚ ਪੂਰਾ ਹੋ ਜਾਵੇਗਾ।
ਜਿਲ੍ਹੇ ਦੇ 5 ਲੱਖ ਬਿਜਲੀ ਕੁਨੈਕਸ਼ਨ ਹਨ। 25 ਲੱਖ ਕਿਲੋਵਾਟ ਬਿਜਲੀ ਦਾ ਲੋਡ ਹੈ। ਜਿਲ੍ਹੇ ‘ਚ 370 ਫੀਡਰ ਹਨ। 200 ਫੀਡਰ ਸ਼ਹਿਰ ‘ਚ ਹਨ ਅਤੇ 170 ਫੀਡਰ ਪਿੰਡ ‘ਚ ਹਨ। ਜਲੰਧਰ ਸਰਕਲ ਦੇ 370 ‘ਚੋਂ 50 ਫੀਡਰ ਓਵਰਲੋਡਿਡ ਹਨ। ਫੋਕਲ ਪੁਆਇੰਟ ‘ਚ 22 ਫੀਡਰ ਓਵਰਲੋਡਿਡ ਹਨ। ਘਰਾਂ ‘ਚ ਗਦਈਪੁਰ, ਰੰਧਾਵਾ ਮਸੰਦਾ, ਰਾਜਾ ਗਾਰਡਨ, ਸਲੇਮਪੁਰ, ਸਵਰਨ ਪਾਰਕ ਵਰਗੀਆਂ ਕਾਲੋਨੀਆਂ ਓਵਰਲੋਡਿਡ ਹੋਣ ਕਾਰਨ ਫਾਲਟ ਪੈ ਰਹੇ ਹਨ। ਓਵਰਲੋਡਿੰਗ ਕਾਰਨ ਦਕੋਹਾ, ਰਾਮਾ ਮੰਡੀ, ਬੀ. ਐੱਸ. ਐੱਫ. ਕੈਂਪਸ ਇਲਾਕਿਆਂ ‘ਚ ਵੀ ਲੋਡ ਦੀ ਸਮੱਸਿਆ ਬਣੀ ਰਹਿੰਦੀ ਹੈ।