Football player dies : ਫੁੱਟਬਾਲ ਪ੍ਰੇਮੀਆਂ ਲਈ ਬਹੁਤ ਹੀ ਦੁਖਦ ਖਬਰ ਹੈ ਕਿ ਬਠਿੰਡਾ ਤੋਂ ਸੋਮਵਾਰ ਨੂੰ ਫੁੱਟਬਾਲ ਦੀ ਨੈਸ਼ਨਲ ਪੱਧਰ ਦੀ ਖਿਡਾਰੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਸ ਨੂੰ 5 ਦਿਨ ਪਹਿਲਾਂ ਪੇਟ ਵਿਚ ਦਰਦ ਹੋਇਆ ਸੀ। ਉਸ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਆਪਣੇ ਆਖਰੀ ਪਲਾਂ ‘ਚ ਉਸ ਨੇ ਆਪਣੀ ਜਰਸੀ ਤੇ ਮੈਦਾਨ ਦੀ ਮਿੱਟੀ ਮੰਗਵਾਈ ਤੇ ਜਦੋਂ ਉਸ ਤੋਂ ਆਖਰੀ ਇੱਛਾ ਪੁੱਛੀ ਗਈ ਤਾਂ ਉਸ ਦੇ ਸਾਹ ਰੁਕ ਗਏ। ਕੋਚ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
15 ਸਾਲਾ ਅੰਜਲੀ ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਹੈ। ਉਸ ਨੇ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਪਾਸ ਕੀਤੀ ਤੇ ਫੁੱਟਬਾਲ ਦੀ ਖਿਡਾਰੀ ਸੀ। 22 ਜੁਲਾਈ ਨੂੰ ਅੰਜਲੀ ਨੂੰ ਅਚਾਨਕ ਪੇਟ ਵਿਚ ਦਰਦ ਹੋਇਆ। ਉਸ ਨੇ ਗਲਤੀ ਨਾਲ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਖਾ ਲਈ। ਇਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਜਾਣ ਕਾਰਨ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅੰਜਲੀ ਪਹਿਲਾਂ ਤਾਂ ਬਿਲਕੁਲ ਠੀਕ ਹੋ ਗਈ ਸੀ ਪਰ ਸੋਮਵਾਰ ਨੂੰ ਅਚਾਨਕ ਉਸ ਦੀ ਤਬੀਅਦ ਖਰਾਬ ਹੋ ਗਈ ਤੇ ਕੁਝ ਹੀ ਦੇਰ ‘ਚ ਉਸ ਨੇ ਦਮ ਤੋੜ ਦਿੱਤਾ।
ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਗਰਲਜ਼ ਕੋਚਿੰਗ ਸੈਂਟਰ ਦੇ ਨਾਂ ਤੋਂ ਅਕੈਡਮੀ ਚਲਾਉਂਦੇ ਹਨ। ਉਨ੍ਹਾਂ ਕੋਲ ਗਰੀਬ ਲੜਕੀਆਂ ਫੁੱਟਬਾਲ ਦੀ ਟ੍ਰੇਨਿੰਗ ਲੈਂਦੀਆਂ ਹਨ ਤੇ ਅੰਜਲੀ ਵੀ ਫੁੱਟਬਾਲ ਟੀਮ ‘ਚ ਮੀਡ ਫੀਲਡਰ ਦੇ ਤੌਰ ‘ਤੇ ਖੇਡਦੀ ਸੀ। ਉਸ ਨੇ ਜਿਲ੍ਹਾ ਪੱਧਰ ‘ਤੇ 4 ਗੋਲਡ ਮੈਡਲ, ਸਟੇਟ ਲੈਵਲ ‘ਤੇ 2 ਸਿਲਵਰ ਮੈਡਲ ਹਾਸਲ ਕੀਤੇ ਸਨ। ਇਸ ਤੋਂ ਇਲਾਵਾ ਨੈਸ਼ਨਲ ਵੀ ਖੇਡ ਚੁੱਕੀ ਸੀ। ਉਸ ਦਾ ਸੁਪਨਾ ਚੰਗੀ ਕੋਚ ਬਣਨ ਦਾ ਸੀ।