Gas leak at Mohali : ਬੀਤੀ ਰਾਤ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਗੈਸ ਲੀਕ ਹੋਣ ਕਾਰਨ 50 ਤੋਂ ਵਧ ਲੋਕ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਗੈਸ ਲੀਕ ਐਕਸਪਾਇਰੀ ਡੇਟ ਕਰ ਕੇ ਨਹੀਂ ਸਗੋਂ ਲੋਹਾ ਗਲਣ ਕਰ ਕੇ ਇਹ ਘਟਨਾ ਵਾਪਰੀ ਹੈ। ਇਸ ਘਟਨਾ ਦੀ ਇਨਕੁਆਇਰੀ ਕੀਤੀ ਜਾਵੇਗੀ। ਗੈਸ ਸਿਲੰਡਰ ਕਰੀਬ 10 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਪਾਣੀ ਵਾਲੇ ਟੈਂਕ ਲਈ ਪਾਣੀ ਦੀ ਸਫ਼ਾਈ ਲਈ ਰੱਖਿਆ ਹੋਇਆ ਸੀ ਜੋ ਕਿ ਬੀਤੀ ਰਾਤ ਲੀਕ ਹੋ ਗਿਆ ਸੀ।
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੀਐਮਓ ਨਾਲ ਗੱਲਬਾਤ ਕੀਤੀ ਸੀ ਉਨ੍ਹਾਂ ਦਸਿਆ ਕਿ ਸਾਰੇ ਬੰਦੇ ਬਿਲਕੁੱਲ ਠੀਕ ਹਨ ਤੇ ਉਹ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ 3 ਵਿਅਕਤੀ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਹੁਣ ਕਾਫੀ ਠੀਕ ਹੋ ਚੁੱਕੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਵੀ ਜਾਣਾ ਸੀ ਪਰ ਵਾਇਰਸ ਦੇ ਚਲਦਿਆਂ ਹੁਣ ਉਹ ਹਸਪਤਾਲ ਨਹੀਂ ਜਾ ਸਕਦੇ ਕਿਉਂ ਕਿ ਉੱਥੇ ਹੀ ਕੋਰੋਨਾ ਦੇ ਕਈ ਮਰੀਜ਼ ਹੋ ਸਕਦੇ ਹਨ। ਉਨ੍ਹਾਂ ਨੇ ਮੌਕੇ ਤੇ ਆ ਕੇ ਇੱਥੋਂ ਦੇ ਹਾਲਾਤ ਦੇਖੇ ਹਨ ਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਕਿਉਂਕਿ ਇੱਥੋਂ ਦੇ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਹਨ। ਉਨ੍ਹਾਂ ਨੇ ਇਸ ਥਾਂ ਦੀ ਸਫ਼ਾਈ ਕਰਵਾਉਣ ਬਾਰੇ ਵੀ ਗੱਲ ਆਖੀ ਹੈ।
ਬਲਬੀਰ ਸਿੰਘ ਸੰਧੂ ਨੇ ਹਦਾਇਤ ਦਿੱਤੀ ਕਿ ਜੇ ਕਿਸੇ ਹੋਰ ਇਲਾਕੇ ਵਿਚ ਅਜਿਹੇ ਪੁਰਾਣੇ ਸਿਲੰਡਰ ਪਏ ਹਨ ਤਾਂ ਉਨ੍ਹਾਂ ਨੂੰ ਇਕ ਥਾਂ ਇਕੱਠੇ ਕਰ ਕੇ ਸਟੋਰ ਕਰ ਦਿੱਤਾ ਜਾਵੇ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ। ਇੱਥੇ ਟਿਊਬਵੈਲ ਪੁਰਾਣੀ ਪੰਚਾਇਤ ਨੇ ਲਗਾਇਆ ਸੀ ਪਰ ਹੁਣ ਪੰਚਾਇਤ ਬਦਲ ਗਈ ਤੇ ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜੋ ਚਾਰਜ ਹੁੰਦਾ ਹੈ ਉਹ ਪੰਚਾਇਤੀ ਰਾਜ ਡੀਡੀਪੀਓ ਦੇ ਹੱਥ ਹੁੰਦਾ ਹੈ, ਉਹਨਾਂ ਵੱਲੋਂ ਰਿਪੋਰਟ ਬਣਾ ਕੇ ਦਿੱਤੀ ਜਾਂਦੀ ਹੈ ਤੇ ਓਵਰ ਹੈਡ ਡਿਪਾਰਟਮੈਂਟ ਨੂੰ ਦੇਣਾ ਹੁੰਦਾ ਹੈ। ਪਹਿਲਾਂ ਵਾਲੀ ਪੰਚਾਇਤ ਨੇ ਚਾਰਜ ਛੱਡ ਦਿੱਤਾ ਸੀ ਪਰ ਪਿੰਡ ਨੂੰ ਪਾਣੀ ਦੇਣਾ ਸੀ ਇਸ ਲਈ ਵਿਭਾਗ ਨੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸੇਵਾ ਸ਼ੁਰੂ ਕੀਤੀ ਹੈ।