Gas leak burns : ਅੱਜ ਪਠਾਨਕੋਟ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੋਂ ਦੇ ਅਬਰੋਲ ਨਗਰ ਵਿਖੇ ਗੈਸ ਸਿਲੰਡਰ ਲੀਕ ਹੋ ਗਿਆ ਤੇ ਸਿਲੰਡਰ ਲੀਕ ਹੋਣ ਨਾਲ ਲਗਭਗ 6 ਲੋਕ ਝੁਲਸ ਗਏ। ਦੁੱਖ ਵਾਲੀ ਗੱਲ ਹੈ ਕਿ ਹਾਦਸੇ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰ ਬੁਰੀ ਤਰ੍ਹਾਂ ਅੱਗ ਦੀ ਲਪੇਟ ‘ਚ ਆ ਗਏ ਜਦੋਂ ਕਿ ਇਕ ਹੋਰ ਵਿਅਕਤੀ ਜਿਹੜਾ ਕਿ ਹਾਦਸੇ ‘ਚ ਜ਼ਖਮੀ ਹੋਇਆ ਹੈ, ਉਹ ਉਨ੍ਹਾਂ ਦਾ ਗੁਆਂਢੀ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਰ ‘ਚ ਸਿਲੰਡਰ ਖਤਮ ਹੋ ਗਿਆ ਸੀ ਤੇ ਉਨ੍ਹਾਂ ਨੇ ਜਦੋਂ ਦੂਜਾ ਗੈਸ ਸਿਲੰਡਰ ਲਗਾਇਆ ਤਾਂ ਉਸ ‘ਚੋਂ ਗੈਸ ਲੀਕ ਹੋ ਰਹੀ ਸੀ ਜਿਸ ਦੇ ਸਿੱਟੇ ਵਜੋਂ ਉਥੇ ਅੱਗ ਲੱਗ ਗਈ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਪਹਿਲਾਂ ਉਨ੍ਹਾਂ ਨੂੰ ਪਠਾਨਕੋਟ ਦੇ ਹੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਝੁਲਸੇ ਗਏ 6 ਵਿਅਕਤੀਆਂ ‘ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।