Ghanshyam Thori appointed : ਸ਼੍ਰੀ ਘਣਸ਼ਿਆਮ ਥੋਰੀ IAS ਨੂੰ ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸੂਬਾ ਸਰਕਾਰ ਵਲੋਂ ਅੱਜ 7 ਜਿਲ੍ਹਿਆਂ ਦੇ ਡੀ. ਸੀ. ਨੂੰ ਟਰਾਂਸਫਰ ਕੀਤਾ ਗਿਆ ਹੈ ਤੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਤਬਾਦਲਾ ਲੁਧਿਆਣਾ ਵਿਚ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਪ੍ਰਸ਼ਾਸਨਿਕ ਫੇਰਬਦਲ ਵਿਚ ਵੱਡਾ ਫੈਸਲਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ 25 ਅਧਿਕਾਰੀਆਂ, 2 ਨਗਰ ਨਿਗਮ ਅਫਸਰਾਂ ਸਮੇਤ 7 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਵਿਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਡੀ. ਸੀ. ਲੁਧਿਆਣਾ, ਘਣਸ਼ਿਆਮ ਥੋਰੀ ਡੀ. ਸੀ. ਸੰਗਰੂਰ, ਕੁਮਾਰ ਸੌਰਵ ਰਾਜ ਡੀ. ਸੀ. ਫਰੀਦਕੋਟ, ਕੁਲਵੰਤ ਸਿੰਘ ਡੀ. ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ. ਸੀ. ਤਰਨਤਾਰਨ, ਵਿਨੇ ਬਬਲਾਨੀ ਡੀ. ਸੀ. ਐੱਸ. ਬੀ. ਐੱਸ. ਨਗਰ ਦੇ ਤਬਾਦਲੇ ਕੀਤੇ ਗਏ ਹਨ।
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਜਲੰਧਰ ਵਾਸੀਆਂ ਤੋਂ ਮਿਲੇ ਪਿਆਰ ਤੇ ਸਹਿਯੋਗ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਪਿਛਲੇ 3 ਦਹਾਕਿਆਂ ਵਿਚ ਸਵਾ 3 ਸਾਲ ਤਕ ਡੀ. ਸੀ. ਦਾ ਅਹੁਦਾ ਸੰਭਾਲਣ ਵਾਲੇ ਵਰਿੰਦਰ ਕੁਮਾਰ ਸ਼ਰਮਾ ਨੇ ਬੁਲੰਦੀਆਂ ਨੂੰ ਛੂਹਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਰਿੰਦਰ ਸ਼ਰਮਾ ਨੇ ਜਿਸ ਤਰ੍ਹਾਂ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸੇਵਾ ਕੀਤੀ, ਉਹ ਬਹੁਤ ਵੱਡਾ ਉਪਰਾਲਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ 17 ਮਾਰਚ 2017 ਨੂੰ ਉਨ੍ਹਾਂ ਨੂੰ ਜਿਲ੍ਹੇ ਦਾ ਡੀ. ਸੀ. ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਜਲੰਧਰ ਵਾਸੀਆਂ ਦਾ ਦਿਲ ਜਿੱਤ ਲਿਆ।
ਵਰਿੰਦਰ ਕੁਮਾਰ ਸ਼ਰਮਾ ਨੇ ਕੋਰੋਨਾ ਵਾਇਰਸ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਤਾਲਮੇਲ ਕਾਇਮ ਕਰਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ। ਉਹ ਸੂਬੇ ਦੇ ਪਹਿਲੇ ਅਜਿਹੇ IAS ਅਧਿਕਾਰੀ ਹਨ ਜਿਨ੍ਹਾਂ ਨੇ IAS ਦੀ ਪ੍ਰੀਖਿਆ ਨੂੰ ਪੰਜਾਬੀ ਵਿਚ ਪਾਸ ਕੀਤਾ ਅਤੇ ਮੁੱਖ ਮੰਤਰੀ ਦੀਆਂ ਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।