Government issues new : ਕੋਰੋਨਾ ਦਾ ਕਹਿਰ ਸੂਬੇ ਵਿਚ ਲਗਾਤਾਰ ਵਧ ਰਿਹਾ ਹੈ। ਇਸ ਦਾ ਅਸਰ ਸਿੱਖਿਅਕ ਸੰਸਥਾਵਾਂ ‘ਤੇ ਬਹੁਤ ਜ਼ਿਆਦਾ ਪਿਆ ਹੈ। ਕੋਰੋਨਾ ਕਾਰਨ ਸਾਰੇ ਸਕੂਲ ਕਾਲਜ ਪਿਛਲੇ 4 ਮਹੀਨਿਆਂ ਤੋਂ ਬੰਦ ਪਏ ਹਨ। ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਸੂਬਾ ਸਰਕਾਰ ਵਲੋਂ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ। ਬੱਚਿਆਂ ਨੂੰ ਕੋਰੋਨਾ ਵਾਇਰਸ ਹੋਣ ਦਾ ਖਤਰਾ ਵਧ ਹੁੰਦਾ ਹੈ, ਇਸ ਲਈ ਸਰਕਾਰ ਵਲੋਂ ਕੋਈ ਵੀ ਰਿਸਕ ਨਹੀਂ ਲਿਆ ਜਾ ਰਿਹਾ ਹੈ। ਕੋਵਿਡ-19 ਕਰਕੇ ਅਜੇ ਤਕ ਸਕੂਲਾਂ ਨੂੰ ਖੋਲ੍ਹਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ਪਰ ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਹੁਣ ਸੂਬਾ ਸਰਕਾਰ ਵਲੋਂ ਆਨਲਾਈਨ ਪੜ੍ਹਾਈ ਵਾਸਤੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਵੇਂ ਨਿਰਦੇਸ਼ਾਂ ਮੁਤਾਬਕ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਸਿਰਫ 30 ਮਿੰਟ ਦੀ ਹੀ ਕਲਾਸ ਲਗਾਈ ਜਾਵੇਗੀ। ਇਸ ਤੋਂ ਜ਼ਿਆਦਾ ਸਮੇਂ ਲਈ ਉਹ ਕਲਾਸ ਨਹੀਂ ਲਗਾ ਸਕਣਗੇ। ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤਕ ਦੇ ਬੱਚਿਆਂ ਲਈ ਕਲਾਸ 30 ਤੋਂ 45 ਮਿੰਟ ਦੀ ਹੋਵੇਗੀ ਜਿਨ੍ਹਾਂ ਨੂੰ ਦੋ ਸੈਸ਼ਨਾਂ ਵਿਚ ਵੰਡਿਆ ਜਾਵੇਗਾ ਤਾਂ ਜੋ ਬੱਚਿਆਂ ‘ਤੇ ਪੜ੍ਹਾਈ ਦਾ ਵਾਧੂ ਬੋਝ ਨਾ ਪੈ ਸਕੇ। ਇਸ ਤੋਂ ਇਲਾਵਾ 9ਵੀਂ ਤੋਂ ਲੈ ਕੇ 12ਵੀਂ ਤਕ ਦੇ ਵਿਦਿਆਰਥੀਆਂ ਲਈ ਚਾਰ ਸੈਸ਼ਨਾਂ ਵਿਚ ਕਲਾਸ ਲਗਾਈ ਜਾਵੇਗੀ। ਉਹ ਵੀ 30 ਤੋਂ 45 ਮਿੰਟ ਤਕ ਦੀ ਹੀ ਕਲਾਸ ਲੈ ਸਕਣਗੇ। ਜੇਕਰ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਪ੍ਰਬੰਧਕ ਅਧਿਆਪਕਾਂ ‘ਤੇ 6 ਤੋਂ 8 ਘੰਟੇ ਡਿਊਟੀ ਦੇਣ ਲਈ ਦਬਾਅ ਵੀ ਨਹੀਂ ਪਾ ਸਕਦੇ ਹਨ।
ਜਿਹੜੇ ਅਧਿਆਪਕ ਬਹੁਤ ਦੂਰ ਤੋਂ ਸਕੂਲਾਂ ਵਿਚ ਆਉਂਦੇ ਹਨ ਉਨ੍ਹਾਂ ਲਈ ਵੀ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਉਹ ਘਰਾਂ ਵਿਚ ਰਹਿ ਕੇ ਹੀ ਆਨਲਾਈਨ ਪੜ੍ਹਾ ਸਕਣਗੇ।ਜੇਕਰ ਕਿਸੇ ਅਧਿਆਪਕ ਕੋਲ ਲੈਪਟਾਪ, ਇੰਟਰਨੈਟ ਦੀ ਸਹੂਲਤ ਨਹੀਂ ਹੈ ਤਾਂ ਇਹ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਕਤ ਅਧਿਆਪਕ ਨੂੰ ਇਹ ਸਹੂਲਤ ਉਪਲਬਧ ਕਰਵਾਈ ਜਾਵੇ। ਬੱਚਿਆਂ ‘ਤੇ ਆਨਲਾਈਨ ਕਲਾਸਾਂ ਦਾ ਪ੍ਰੈਸ਼ਰ ਨਹੀਂ ਪਾਇਆ ਜਾਵੇਗਾ ਤੇ ਨਾਲ ਇਹ ਵੀ ਦੱਸਿਆ ਗਿਆ ਕਿ ਹਾਲਾਤ ਸੁਧਰਨ ਤੋਂ ਬਾਅਦ ਦੁਬਾਰਾ ਤੋਂ ਬੱਚੇ ਸਕੂਲ ਵਿਚ ਜਾ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਗੇ। ਪੜ੍ਹਾਈ ਲਈ ਵ੍ਹਟਸਐਪ ਗਰੁੱਪ ਬਣਾਇਆ ਜਾਵੇਗਾ ਜਿਸ ਵਿਚ ਬੱਚੇ, ਉਨ੍ਹਾਂ ਦੇ ਮਾਪਿਆਂ ਤੇ ਟੀਚਰ ਦਾ ਆਪਸ ਵਿਚ ਤਾਲਮੇਲ ਹੋਵੇਗਾ ਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਹ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਹਫਤੇ ਵਿਚ ਇਕ ਵਾਰ ਮਾਪਿਆਂ ਤੋਂ ਵੀ ਫੀਡ ਬੈਕ ਲਈ ਜਾਵੇਗੀ ਕਿ ਆਨਲਾਈਨ ਪੜ੍ਹਾਈ ਕਿਸ ਤਰ੍ਹਾਂ ਦੀ ਹੋ ਰਹੀ ਹੈ। ਆਨਲਾਈਨ ਪੜ੍ਹਾਈ ਵਿਚ ਖਾਸ ਤੌਰ ‘ਤੇ ਰੈਗਿੰਗ ਦਾ ਧਿਆਨ ਰੱਖਿਆ ਜਾਵੇਗਾ ਕਿਉਂਕਿ ਇਸ ਦੌਰਾਨ ਵੱਡੇ ਬੱਚੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ। ਗਰੁੱਪ ਵਿਚ ਕਿਸੇ ਵੀ ਬੱਚੇ ਦੀ ਪਰਸਨਲ ਵੀਡੀਓ ਜਾਂ ਫੋਟੋ ਨਹੀਂ ਭੇਜੀ ਜਾਵੇਗੀ। ਬੱਚਿਆਂ ਨੂੰ ਹਰੇਕ ਕਲਾਸ ਤੋਂ ਬਾਅਦ 10 ਤੋਂ 15 ਮਿੰਟ ਦੀ ਬ੍ਰੇਕ ਵੀ ਦਿੱਤੀ ਜਾਵੇਗੀ।