Gurdwaras handed over : ਪਾਕਿਸਤਾਨ ਦੇ ਬਲੋਚਿਸਤਾਨ ਦੇ ਸ਼ਹਿਰ ਕਵੇਟਾ ਵਿਚ ਲਗਭਗ 200 ਸਾਲ ਪੁਰਾਣਾ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਦੇਸ਼ ਵੰਡ ਦੇ 73 ਸਾਲ ਬਾਅਦ ਪਾਕਿਸਤਾਨ ਦੀ ਸਿੱਖ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਇਸ ਇਲਾਕੇ ਵਿਚ ਸਿੱਖਾੰ ਦੇ ਵੱਡੇ ਪੱਧਰ ‘ਤੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸਰਕਾਰੀ ਸਕੂਲ ਵਿਚ ਬਦਲ ਦਿੱਤਾ ਗਿਆ। ਬਲੋਚਿਸਤਾਨ ਦੀ ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਨੂੰ ਵਾਪਸ ਲੈਣ ਲਈ ਕਈ ਦਹਾਕਿਆਂ ਤੋਂ ਸੰਘਰਸ਼ ਕਰ ਰਹੀ ਸੀ। ਕੁਝ ਦਿਨ ਪਹਿਲਾਂ ਬਲੋਚਿਸਤਾਨ ਸਰਕਾਰ ਨੇ ਇਸ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਸਕੂਲ ਨੂੰ ਬਦ ਕਰਕੇ ਇਸ ਦੀ ਇਮਾਰਤ ਨੂੰ ਸਥਾਨਕ ਸਿੱਖਾਂ ਨੂੰ ਸੌਂਪ ਦਿੱਤਾ ਸੀ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ 200 ਸਾਲ ਪੁਰਾਣਾ ਹੈ। ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਨੂੰ ਵਾਪਸ ਲੈਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਵਾਪਸ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਬਾਹਰ ਅੱਜ ਵੀ ਸੰਗਮਰਮਰ ਦੀ ਇਕ ਸਫੈਦ ਪਲੇਟ ਨਾਲ ਪੰਜਾਬੀ ਭਾਸ਼ਾ ‘ਚ ‘ਗੁਰਦੁਆਰਾ ਸਿੰਘ ਸਭਾ ਕੋਇਟਾ’ ਲਿਖਿਆ ਹੋਇਆ ਹੈ। ਬਲੋਚਿਸਤਾਨ ਵਿਚ ਅਜੇ 15 ਤੋਂ ਵਧ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ ਜਿਨ੍ਹਾਂ ‘ਤੇ ਅੱਜ ਵੀ ਕਬਜਾ ਕੀਤਾ ਹੋਇਆ ਹੈ। ਸਿੱਖ ਸੰਗਤ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਵਾਪਸ ਲੈਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ।
SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਵੇਟਾ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ 73 ਸਾਲ ਬਾਅਦ ਸਿੱਖ ਸੰਗਤ ਲਈ ਖੋਲ੍ਹ ਜਾਣ ਦਾ ਸਵਾਗਤ ਕੀਤਾ ਹੈ। ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬਾਨ ਹਨ। ਵੰਡ ਤੋਂ ਬਾਅਦ ਇਨ੍ਹਾਂ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੀ ਸਿੱਖ ਸੰਗਤ ਦੀ ਮੰਗ ‘ਤੇ ਗੁਰਦੁਆਰਾ ਸਾਹਿਬ ਸੰਗਤ ਨੂੰ ਦੇਣਾ ਸੱਚਮੁੱਚ ਪ੍ਰਸ਼ੰਸਾਯੋਗ ਹੈ।